ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਾਰਚ
ਪੰਜਾਬ ਵਿੱਚ ਮੌਸਮ ਦੇ ਬਦਲੇ ਮਿਜਾਜ਼ ਨਾਲ ਮਾਨਸਾ, ਬਰਨਾਲਾ, ਬਠਿੰਡਾ ਤੇ ਪਟਿਆਲਾ ਸਮੇਤ ਪੂਰੇ ਮਾਲਵਾ ਖੇਤਰ ’ਚ ਮੀਂਹ, ਤੇਜ਼ ਹਵਾਵਾਂ ਤੇ ਹਲਕੀ ਗੜੇਮਾਰੀ ਨੇ ਕਣਕ ਦੀ ਸੈਂਕੜੇ ਏਕੜ ਕਣਕ ਫ਼ਸਲ ਵਿੱਛਾ ਦਿੱਤੀ। ਅਜਿਹੇ ’ਚ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ ਹੈ। ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਦੌਰਾਨ ਮੌਸਮ ਖਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ, ਜਿਸ ਤੋਂ ਕਿਸਾਨ ਚਿੰਤਾ ਵਿੱਚ ਹਨ। ਕਿਸਾਨਾਂ ਨੇ ਫ਼ਸਲਾਂ ਦੇ ਖਰਾਬੇ ਦਾ ਮੁਆਵਜ਼ਾ ਮੰਗਿਆ ਹੈ। ਮੀਂਹ ਤੇ ਤੇਜ਼ ਹਵਾਵਾਂ ਕਾਰਨ ਫ਼ਸਲਾਂ ਦਾ ਸਭ ਤੋਂ ਵੱਧ ਨੁਕਸਾਨ ਮਾਲਵਾ ਖੇਤਰ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ। ਦੋਆਬਾ ਖੇਤਰ ਬੀਤੀ ਰਾਤ ਤੇਜ਼ ਹਵਾਵਾਂ ਚੱਲੀਆਂ ਤੇ ਅੱਜ ਸਾਰਾ ਦਿਨ ਬੱਦਲਵਾਈ ਰਹੀ। ਪਿਛਲੇ ਕੁਝ ਦਿਨ ਤੋਂ ਵਧੀ ਗਰਮੀ ਕਾਰਨ ਲੋਕਾਂ ਨੇ ਗਰਮ ਕੱਪੜੇ ਲਾਹ ਦਿੱਤੇ ਸਨ, ਜੋ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਲੋਕਾਂ ਨੂੰ ਅੱਜ ਮੁੜ ਪਾਉਣੇ ਪਏ। ਇਸ ਖੇਤਰ ਵਿੱਚ ਫ਼ਸਲਾਂ ਦੇ ਖਰਾਬੇ ਦੀ ਕੋਈ ਰਿਪੋਰਟ ਨਹੀਂ ਹੈ। ਇਸੇ ਤਰ੍ਹਾਂ ਮਾਝਾ ਖੇਤਰ ਵਿਚ ਬੀਤੀ ਰਾਤ ਤੇ ਅੱਜ ਤੜਕਸਾਰ ਹਲਕਾ ਮੀਂਹ ਪਿਆ ਅਤੇ ਸਾਰਾ ਦਿਨ ਠੰਢੀ ਹਵਾ ਚਲਦੀ ਰਹੀ। ਇਸ ਖਿੱਤੇ ਵਿੱਚ ਵੀ ਫ਼ਸਲਾਂ ਦੇ ਖ਼ਰਾਬੇ ਦੀ ਕੋਈ ਰਿਪੋਰਟ ਨਹੀਂ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨ ਕਣਕ ਦੀ ਫ਼ਸਲ ਨੂੰ ਹਫ਼ਤੇ ਤੱਕ ਪਾਣੀ ਦੇਣ ਤੋਂ ਗੁਰੇਜ਼ ਕਰਨ। ਵੈਸੇ ਖੇਤੀ ਮਾਹਿਰਾਂ ਦਾ ਕਹਿਣਾ ਕਿ ਇਸ ਮੀਂਹ ਨਾਲ ਮਹਿਜ਼ ਕਣਕ ਦੀ ਅਗੇਤੀ ਫ਼ਸਲ ਹੀ ਡਿੱਗੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਹਰਵਿੰਦਰ ਪਾਲ ਦਾ ਕਹਿਣਾ ਹੈ ਕਿ ਗਰਮੀ ਦੀ ਤਪਸ਼ ਵਧਣ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਸੀ। ਉਨ੍ਹਾਂ ਕਣਕ ਨੂੰ ਪਾਣੀ ਲਾ ਦਿੱਤਾ ਤੇ ਤੇਜ਼ ਹਵਾਵਾਂ ਨੇ ਕਣਕ ਨੂੰ ਵਿਛਾ ਦਿੱਤਾ। ਬਠਿੰਡਾ ’ਚ ਹਲਕੀ ਬਾਰਸ਼ ਮੌਕੇ ਹਲਕੇ ਗੜੇ ਵੀ ਦਿਖਾਈ ਦਿੱਤੇ।