ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ (ਮੁਹਾਲੀ), 12 ਮਈ
ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਆਖਿਆ ਕਿ ਕੇਂਦਰ ਵਿੱਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਉਹ ਅੱਜ ਮੁਹਾਲੀ ਹਲਕੇ ਵਿੱਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪਿੰਡ ਲਾਂਡਰਾਂ, ਭਾਗੋਮਾਜਰਾ, ਸਨੇਟਾ, ਗੀਗੇਮਾਜਰਾ, ਮੋਟੇਮਾਜਰਾ, ਕੁਰੜੀ, ਬਾਕਰਪੁਰ, ਮਨੌਲੀ ਅਤੇ ਮੌਲੀ ਬੈਦਵਾਣ ਵਿੱਚ ਰੱਖੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਸਿੰਗਲਾ ਨੇ ਆਖਿਆ ਕਿ ਕਾਂਗਰਸ ਪਾਰਟੀ ਜੋ ਵੀ ਗਾਰੰਟੀਆਂ ਦਿੰਦੀ ਹੈ, ਉਹ ਹਮੇਸ਼ਾ ਪੂਰੀਆਂ ਕਰਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਚੋਣਾਂ ਵਿੱਚ ਕਿਸਾਨਾਂ, ਮੁਲਾਜ਼ਮਾਂ, ਮਹਿਲਾਵਾਂ, ਮਜ਼ਦੂਰਾਂ, ਵਪਾਰੀਆਂ ਸਣੇ ਹਰ ਵਰਗ ਲਈ ਜਿਹੜੇ ਵਾਅਦੇ ਕੀਤੇ ਗਏ ਹਨ, ਉਹ ਸਰਕਾਰ ਬਣਦਿਆਂ ਹੀ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਲੋਕਾਂ ਕੋਲੋਂ ਵੋਟ ਦਾ ਹੱਕ ਖੋਹਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਬੇਹੱਦ ਜ਼ਰੂਰੀ ਹੈ।
ਸ੍ਰੀ ਸਿੰਗਲਾ ਨੇ ਇਸ ਮੌਕੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਇੱਕੋ ਹੀ ਹਨ ਤੇ ਚੋਣਾਂ ਮਗਰੋਂ ਦੋਵੇਂ ਮੁੜ ਇੱਕ ਹੋ ਜਾਣਗੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ।
ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਾਜਪਾ, ਅਕਾਲੀ ਦਲ ਤੇ ‘ਆਪ’ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਮੁਹਾਲੀ ਹਲਕੇ ਦੇ ਕਿਸੇ ਵੀ ਪਿੰਡ ਨੂੰ ਵਿਕਾਸ ਕੰਮਾਂ ਲਈ ਗਰਾਂਟ ਦੀ ਇੱਕ ਕੌਡੀ ਵੀ ਨਹੀਂ ਦਿੱਤੀ ਗਈ ਤੇ ਸ਼ਹਿਰ ਵਿੱਚ ਵੀ ਵਿਕਾਸ ਕਾਰਜਾਂ ਵਿੱਚ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਮੁਹਾਲੀ ਹਲਕੇ ਵਿੱਚ ਕਾਂਗਰਸ ਸਰਕਾਰ ਸਮੇਂ ਕਰਾਏ ਕੰਮਾਂ ਨੂੰ ਗਿਣਾਉਂਦਿਆਂ ਸ੍ਰੀ ਸਿੰਗਲਾ ਨੂੰ ਵਿਸ਼ਵਾਸ ਦਿਵਾਇਆ ਕਿ ਮੁਹਾਲੀ ਹਲਕੇ ਵਿੱਚੋਂ ਕਾਂਗਰਸ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਦੇਸ਼ ਵਿੱਚ ‘ਇੰਡੀਆ’ ਗੱਠਜੋੜ ਦੀ ਲਹਿਰ ਚੱਲ ਰਹੀ ਹੈ ਅਤੇ ਖਾਸ ਕਰਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਕਾਮਯਾਬ ਕਰਨ ਲਈ ਸਮਾਜ ਦਾ ਹਰ ਵਰਗ ਅੱਗੇ ਆ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਪਿੰਡ ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਾਉਂ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸੰਗਰੂਰ ਹਲਕੇ ਦੇ ਕੰਮਾਂ ਦਾ ਪ੍ਰਚਾਰ ਕਰਨ ਲੱਗੇ ਸਿੰਗਲਾ
ਵਿਜੈਇੰਦਰ ਸਿੰਗਲਾ ਭਾਵੇਂ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਹਨ ਪਰ ਆਪਣੇ ਭਾਸ਼ਨਾਂ ਦਾ ਜ਼ਿਆਦਾ ਸਮਾਂ ਉਹ ਸੰਗਰੂਰ ਹਲਕੇ ਨੂੰ ਦੇ ਰਹੇ ਹਨ। ਉਹ 2009 ਤੋਂ 2014 ਦੇ ਅਰਸੇ ਦੌਰਾਨ ਸੰਗਰੂਰ ਹਲਕੇ ਵਿੱਚ ਕਰਾਏ ਕੰਮ ਖਾਸ ਕਰਕੇ ਪੀਜੀਆਈ ਅਤੇ ਕੈਂਸਰ ਹਸਪਤਾਲ ਅਤੇ ਖੇਡਾਂ ਲਈ ਬਣਾਏ ਮੈਦਾਨਾਂ ਦਾ ਖੂਬ ਪ੍ਰਚਾਰ ਰਹੇ ਹਨ।