ਕੁਲਦੀਪ ਸਿੰਘ
ਚੰਡੀਗੜ੍ਹ, 12 ਮਈ
ਚੰਡੀਗੜ੍ਹ ਲੋਕ ਸਭਾ ਸੀਟ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਉਮੀਦਵਾਰ ਡਾ. ਰਿਤੂ ਸਿੰਘ ਨੇ ਅੱਜ ਸੈਕਟਰ 52 ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨਾਲ ਸੰਪਰਕ ਸਾਧਿਆ। ਆਪਣੇ ਚੋਣ ਪ੍ਰਚਾਰ ਦੌਰਾਨ ਡਾ. ਰਿਤੂ ਸਿੰਘ ਨੇ ਵਿਰੋਧੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਮੌਜੂਦਾ ਹਾਲਾਤ ਇਹ ਹਨ ਕਿ ਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਪੂਰੇ ਸਿਖਰਾਂ ਉਤੇ ਹੈ। ਨੌਜਵਾਨਾਂ ਨੂੰ ਰੁਜ਼ਗਾਰਮਈ ਬਣਾਉਣ ਦੀ ਬਜਾਇ ਮੁਫ਼ਤ ਵਿੱਚ ਚੀਜ਼ਾਂ ਦੇ-ਦੇ ਕੇ ਮੁਫ਼ਤਖੋਰੇ ਬਣਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਤਾਂ ਕਿ ਜਨਤਾ ਪੜ੍ਹਾਈ ਲਿਖਾਈ ਜਾਂ ਰੁਜ਼ਗਾਰ ਮੰਗਣ ਦੀ ਬਜਾਇ ਆਪਣੇ ਘਰਾਂ ਵਿੱਚ ਬੈਠ ਕੇ ਮੁਫ਼ਤ ਦਾ ਰਾਸ਼ਨ ਖਾਈ ਜਾਣ। ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਧਿਰਾਂ ਇਹੋ ਦੋਸ਼ ਲਗਾ ਕੇ ਇੱਕ ਦੂਜੇ ਨੂੰ ਕੋਸ ਰਹੀਆਂ ਹਨ ਪਰ ਏਜੰਡੇ ਦੋਵਾਂ ਦੇ ਇੱਕੋ ਹੀ ਹਨ।
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਨਤਾ ਜਾਗਰੂਕ ਹੋ ਕੇ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਨੂੰ ਉਖਾੜ ਸੁੱਟੇ। ਆਮ ਲੋਕਾਂ ਕੋਲ ਇਨ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਉਖਾੜਨ ਦਾ ਇੱਕੋ-ਇੱਕ ਹਥਿਆਰ ਵੋਟ ਹੁੰਦਾ ਹੈ, ਜਿਸ ਦਾ ਇਸਤੇਮਾਲ ਕਰਕੇ ਇਨ੍ਹਾਂ ਪਾਰਟੀਆਂ ਨੂੰ ਸੱਤਾ ਤੋਂ ਲਾਹਿਆ ਜਾਵੇ ਅਤੇ ਬਸਪਾ ਦੇ ‘ਹਾਥੀ’ ਨੂੰ ਕਾਮਯਾਬ ਕੀਤਾ ਜਾਵੇ।
ਇਸ ਤੋਂ ਇਲਾਵਾ ਡਾ. ਰੀਤੂ ਸਿੰਘ ਨੇ ਡੱਡੂਮਾਜਰਾ ਵਿੱਚ ਵੀ ਨੌਜਵਾਨਾਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਦੇਸ਼ ਦੇ ਚੰਗੇਰੇ ਭਵਿੱਖ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਆਪਣੇ ਨੌਜਵਾਨ ਦੋਸਤਾਂ ਨਾਲ ਕ੍ਰਿਕਟ ਵੀ ਖੇਡੀ। ਉਨ੍ਹਾਂ ਨੌਜਵਾਨਾਂ ਨੂੰ ਖੇਡ ਮੈਦਾਨ ਵਿੱਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਵਰਿਆਮ ਸਿੰਘ ਜੀ, ਬੀਏਐਮਸੀਈਐਫ ਦੇ ਮੁਖੀ ਸੁਰਿੰਦਰ ਸਿੰਘ ਖੁੱਡਾ ਜੀ ਅਤੇ ਉਪ-ਮੁਖੀ ਮਨੋਜ ਜੀ ਵੀ ਹਾਜ਼ਰ ਸਨ।