ਪੱਤਰ ਪ੍ਰੇਰਕ
ਚੰਡੀਗੜ੍ਹ, 12 ਮਈ
ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਸਮੂਹ ਪਿੰਡਾਂ ਦੀਆਂ ਬਹੁ-ਪਰਤੀ ਸਮੱਸਿਆਵਾਂ ਸਬੰਧੀ ਇੱਕ ‘ਸਵਾਲਨਾਮਾ’ ਤਿਆਰ ਕੀਤਾ ਗਿਆ ਹੈ ਤਾਂ ਕਿ ਪਿਛਲੇ 10 ਸਾਲਾਂ ਤੋਂ ਚੰਡੀਗੜ੍ਹ ਵਿੱਚ ਰਾਜ ਕਰਦੀ ਆ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਣੇ ਹੋਰਨਾਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਹ ਸਵਾਲ ਪੁੱਛੇ ਜਾ ਸਕਣ। ਇਸੇ ਸਬੰਧੀ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਹੋਰਨਾਂ ਪੇਂਡੂ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕਮੇਟੀ ਦੇ ਸਰਪ੍ਰਸਤ ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਬਾਬਾ ਸਾਧੂ ਸਿੰਘ ਸਾਰੰਗਪੁਰ, ਪ੍ਰਧਾਨ ਨੰਬਰਦਾਰ ਦਲਜੀਤ ਸਿੰਘ ਪਲਸੌਰਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ, ਕਿਸਾਨ ਆਗੂ ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਹੱਲੋਮਾਜਰਾ, ਤਰਕਸ਼ੀਲ ਸੁਸਾਇਟੀ ਚੰਡੀਗੜ੍ਹ ਤੋਂ ਜੋਗਾ ਸਿੰਘ ਆਦਿ ਨੇ ਕਿਹਾ ਕਿ ‘ਸਵਾਲਨਾਮੇ’ ਵਿੱਚ ਸ਼ਾਮਲ ਸਮੱਸਿਆਵਾਂ ਬੜੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ, ਜਿਨ੍ਹਾਂ ਨੇ ਪਿੰਡਾਂ ਅੰਦਰ ਗੰਭੀਰ ਪ੍ਰਸਥਿਤੀਆਂ ਪੈਦਾ ਕਰ ਦਿੱਤੀਆਂ ਹਨ। ਉਨ੍ਹਾਂ ਨੇ ਪਿੰਡਾਂ ਦੀਆਂ ਸਮੂਹ ਇਕਾਈਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਮੱਸਿਆਵਾਂ ’ਤੇ ਆਧਾਰਿਤ ਤਿਆਰ ਕੀਤੇ ਗਏ ‘ਸਵਾਲਨਾਮੇ’ ਨੂੰ ਚੋਣਾਂ ਦੌਰਾਨ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਜਾਵੇ। ਇਸ ਦੇ ਨਾਲ ਹੀ ਪਿੰਡਾਂ ਅੰਦਰ ਜ਼ੋਰਦਾਰ ਤਰੀਕੇ ਨਾਲ ਇਨ੍ਹਾਂ ਸਵਾਲਾਂ ਉੱਤੇ ਸੰਵਾਦ ਪੈਦਾ ਕੀਤਾ ਜਾਵੇ।