ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਫਰਵਰੀ
ਪੰਚਕੂਲਾ ਦੇ ਇੱਕ ਵਪਾਰੀ ਵੱਲੋਂ ਲੁਧਿਆਣਾ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਜ਼ਹਿਰੀਲੀ ਨਿਗਲ ਖਾ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਮ੍ਰਿਤਕ ਵਪਾਰੀ ਮਨੀਸ਼ ਸੰਘੀ ਦੀ ਪਤਨੀ ਸੋਨਿਕਾ ਗੋਇਲ ਨੇ ਦੱਸਿਆ ਕਿ ਉਸ ਦੇ ਪਤੀ ਦਾ ਪਾਈਪਾਂ ਦਾ ਕਾਰੋਬਾਰ ਹੈ।
ਉਸ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਰੋਬਾਰ ਕੀਤਾ ਜਾਂਦਾ ਸੀ ਅਤੇ ਵਪਾਰ ਕਾਰਨ ਉਸ ਨੇ ਕਈ ਪਾਰਟੀਆਂ ਤੋਂ ਕਰੋੜਾਂ ਰੁਪਏ ਦੀ ਰਕਮ ਲੈਣੀ ਸੀ ਪਰ ਉਹ ਉਸ ਨੂੰ ਪੈਸੇ ਨਹੀਂ ਦੇ ਰਹੇ ਸਨ। ਜਦੋਂ ਉਹ ਉਨ੍ਹਾਂ ਕੋਲੋਂ ਪੈਸੇ ਮੰਗਦਾ ਸੀ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਸ ਦਾ ਪਤੀ ਪੰਚਕੂਲਾ ਤੋਂ ਅੰਮ੍ਰਿਤਸਰ ਗਿਆ ਅਤੇ ਉੱਥੋਂ ਵਾਪਸੀ ’ਤੇ ਲੁਧਿਆਣਾ ਪਹੁੰਚਿਆ। ਉਸ ਨੇ ਫਿਰੋਜ਼ਪੁਰ ਰੋਡ ਸਥਿਤ ਇਕ ਹੋਟਲ ਵਿੱਚ ਜ਼ਹਿਰੀਲੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ।
ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੂੰ ਤਫਤੀਸ਼ ਦੌਰਾਨ ਹੋਟਲ ਵਿੱਚੋਂ ਦੋ ਜ਼ਹਿਰੀਲੀਆਂ ਗੋਲੀਆਂ ਅਤੇ ਇੱਕ ਖੁਦਕੁਸ਼ੀ ਨੋਟ ਬਰਾਮਦ ਹੋਇਆ ਹੈ। ਪੁਲੀਸ ਨੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਗੁਰੂਗ੍ਰਾਮ ਵਾਸੀ ਅਮਰਿੰਦਰ ਸਿੰਘ ਅਤੇ ਉਸ ਦੀ ਪਤਨੀ ਨਤਾਸ਼ਾ, ਦਿੱਲੀ ਵਾਸੀ ਰਾਜੇਸ਼ ਕੁਮਾਰ ਅਤੇ ਰਾਮ ਨਿਵਾਸ, ਆਂਧਰਾ ਪ੍ਰਦੇਸ਼ ਵਾਸੀ ਮੋਮੀਨਨੀ ਰਾਮਨ ਜੇਨੇਲੂ ਅਤੇ ਉਸ ਦੇ ਲੜਕਾ ਯਮੁਨਾਨਗਰ ਵਾਸੀ ਸੰਦੀਪ ਦੀਵਾਨ, ਨਰਿੰਦਰ ਗੁਲਾਟੀ ਅਤੇ ਰਾਜੇਸ਼ ਤਾਮਰ ਤੋਂ ਇਲਾਵਾ ਰਾਜੀਵ ਸੰਘੀ, ਸ਼ਾਲਿਨੀ ਸੰਘੀ, ਪ੍ਰਕਾਸ਼ ਸੰਘੀ ਅਤੇ ਉਮੰਗ ਸੰਘੀ ਖ਼ਿਲਾਫ਼ ਕੇਸ ਦਰਜ ਕਰ ਕੇ, ਇਨ੍ਹਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।