ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਅਕਤੂਬਰ
328 ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਮੰਤਵ ਨਾਲ ਅੱਜ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੇ ਅਕਾਲ ਤਖ਼ਤ ’ਤੇ ਅਰਦਾਸ ਕੀਤੀ। ਸਿੱਖ ਆਗੂਆਂ ਨੇ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੀ ਮੰਗ ਕੀਤੀ।
ਅੱਜ ਇਥੇ ਅਕਾਲ ਤਖ਼ਤ ਵਿਖੇ ਦਲ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ, ਹਰਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਪਾਵਨ ਸਰੂਪ ਮਾਮਲਿਆਂ ਵਿਚ ਅਰਦਾਸ ਕੀਤੀ ਗਈ। ਸਿੱਖ ਆਗੂਆਂ ਨੇ ਗੁਰੂ ਚਰਨਾਂ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਵਾਸਤੇ ਅਰਦਾਸ ਕੀਤੀ। ਇਸ ਸਬੰਧ ਵਿਚ ਮੀਡੀਆ ਨਾਲ ਗੱਲ ਕਰਦਿਆਂ ਜਸਕਰਨ ਸਿੰਘ ਨੇ ਦੱਸਿਆ ਕਿ ਪੰਥਕ ਜਥੇਬੰਦੀਆਂ ਵਲੋਂ 17 ਸਤੰਬਰ ਨੂੰ ਇਸੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਤੇ ਅਰਦਾਸ ਕੀਤੀ ਸੀ ਅਤੇ 22 ਸਤੰਬਰ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਨੇੜੇ ਇਸੇ ਮੰਗ ਨੂੰ ਲੈ ਕੇ ਧਰਨਾ ਚਲ ਰਿਹਾ ਹੈ। ਉਨ੍ਹਾਂ ਆਖਿਆ ਕਿ ਮਹੀਨਾ ਹੋਣ ਨੂੰ ਆਇਆ ਹੈ ਪਰ ਸ੍ਰੀ ਲੌਂਗੋਵਾਲ ਸਮੇਤ ਕਿਸੇ ਵੀ ਅਕਾਲੀ ਆਗੂ ਨੇ ਪਾਵਨ ਸਰੂਪ ਕਿਥੇ ਹਨ, ਬਾਰੇ ਕੋਈ ਖੁਲਾਸਾ ਨਹੀਂ ਕੀਤਾ, ਨਾ ਹੀ ਕੋਈ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਜਾਨਣਾ ਚਾਹੁੰਦੀ ਹੈ ਕਿ ਇਹ ਲਾਪਤਾ ਸਰੂਪ ਕਿਥੇ ਗਏ ਹਨ। ਇਸ ਮਾਮਲੇ ਵਿਚ ਖਦਸ਼ਾ ਹੈ ਕਿ ਇਹ ਸਰੂਪ ਨਾਗਪੁਰ ਜਾਂ ਸਿਰਸਾ ਡੇਰੇ ’ਤੇ ਭੇਜੇ ਹੋਣਗੇ। ਉਨਾਂ ਆਖਿਆ ਕਿ 22 ਅਕਤੂਬਰ ਨੂੰ ਇਸ ਸਬੰਧ ਵਿਚ ਬਰਗਾੜੀ ਵਿਖੇ ਇਕ ਦਿਨ ਦਾ ਧਰਨਾ ਦਿੱਤਾ ਜਾਵੇਗਾ ਅਤੇ ਸੜਕੀ ਆਵਾਜ਼ਾਈ ਰੋਕੀ ਜਾਵੇਗੀ। ਆਗੂਆਂ ਨੇ ਐਲਾਨ ਕੀਤਾ ਕਿ 24 ਅਕਤੂਬਰ ਨੂੰ ਲੌਂਗੋਵਾਲ ਵਿਖੇ ਇਕ ਪੰਥਕ ਇਕੱਠ ਕੀਤਾ ਜਾਵੇਗਾ, ਜਿਥੇ ਪਾਵਨ ਸਰੂਪ ਮਾਮਲਿਆਂ ਵਿਚ ਅਗਲੇ ਫੈਸਲੇ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 10 ਨਵੰਬਰ ਨੂੰ ਹੁਸੈਨੀਵਾਲਾ ਬਾਰਡਰ ’ਤੇ ‘ਬਾਰਡਰ ਖੋਲ੍ਹੋ’ ਰੈਲੀ ਕੀਤੀ ਜਾਵੇਗੀ, ਜਿਸ ਰਾਹੀਂ ਪੰਜਾਬ ਦੇ ਕਿਸਾਨਾਂ ਦੀਆਂ ਜਿਣਸਾਂ ਪਾਕਿਸਤਾਨ ਵਿਚ ਭੇਜਣ ਦੀ ਮੰਗ ਕੀਤੀ ਜਾਵੇਗੀ। ਇਸ ਦੌਰਾਨ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਇਸੇ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਲਾਇਆ ਗਿਆ ਧਰਨਾ ਲਗਪਗ ਇਕ ਮਹੀਨੇ ਤੋਂ ਨਿਰੰਤਰ ਜਾਰੀ ਹੈ।