ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 13 ਮਈ
ਸਿੱਖ ਕੌਮ ਦੇ ਮਹਾਨ ਸਿੱਖ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਥਾਨਕ ਸੁਲਤਾਨਵਿੰਡ ਗੇਟ ਨੇੜਲੇ ਬਾਬਾ ਸੇਵਾ ਸਿੰਘ ਹਾਲ ਵਿਖੇ ਅੱਜ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਅਤੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਕਰਵਾਏ ਗਏ ਸਮਗਾਮ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਸ਼ਬਦ ਕੀਰਤਨ ਅਤੇ ਅਰਦਾਸ ਉਪਰੰਤ ਸਾਬਕਾ ਸੰਸਦ ਮੈਂਬਰ ਹਰਵਿੰਦਰ ਸਿੰਘ ਹੰਸਪਾਲ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਅਤੇ ਅੰਮ੍ਰਿਤਸਰ ਤੋਂ ਵਿਧਾਇਕ ਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ, ਮਰਹੂਮ ਗਿਆਨੀ ਜੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਬੱਬੂ, ਜਤਿੰਦਰ ਸਿੰਘ ਗਾਗੀ ਪ੍ਰਧਾਨ ਰਾਮਗੜ੍ਹੀਆ ਬੋਰਡ ਦਿੱਲੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਫੈਡਰੇਸ਼ਨ ਦੇ ਜਨਰਲ ਸਕੱਤਰ ਲਖਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਸਮੇਂ ਰਾਮਗੜ੍ਹੀਆ ਭਾਈਚਾਰੇ ਦੇ ਮਰਹੂਮ ਆਗੂ ਓਂਕਾਰ ਸਿੰਘ ਸੰਧੂ ਅਤੇ ਫੈਡਰੇਸ਼ਨ ਦੇ ਮੌਜੂਦਾ ਪ੍ਰਧਾਨ ਪਿਆਰਾ ਸਿੰਘ ਮਠਾਰੂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਓਂਕਾਰ ਸਿੰਘ ਸੰਧੂ ਦਾ ਸਨਮਾਨ ਉਨ੍ਹਾਂ ਦੇ ਪੁੱਤਰ ਖੁਸ਼ਿਵੰਦਰ ਸਿੰਘ ਸੰਧੂ ਨੇ ਪ੍ਰਾਪਤ ਕੀਤਾ। ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਮੰਚ ਸੰਚਾਲਨ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਨਾਮਵਰ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪੇ ਨਾਲ ਸਨਮਾਨਿਆ ਗਿਆ।