ਕਰਨ ਭੀਖੀ
ਭੀਖੀ, 31 ਅਕਤੂਬਰ
ਇਥੇ ਮੁੱਖ ਬੱਸ ਅੱਡੇ ਸਾਹਮਣੇ ਅੱਜ ਬਾਅਦ ਦੁਪਹਿਰ ਸ਼ਰਾਬ ਠੇਕੇਦਾਰਾਂ ਦੇ ਕਰਮਚਾਰੀਆਂ ਨੇ ਬੱਸ ਡਰਾਈਵਰ ਨਾਲ ਹੋਈ ਤਕਰਾਰ ਮਗਰੋਂ ਉਸ ਦੀ ਕੁੱਟਮਾਰ ਕੀਤੀ ਤੇ ਕਥਿਤ ਗਾਲਾਂ ਕੱਢੀਆਂ। ਉਪਰੰਤ ਗੁੱਸੇ ਵਿੱਚ ਆਏ ਪੀਆਰਟੀਸੀ ਮੁਲਾਜ਼ਮਾਂ ਨੇ ਰਾਜ ਮਾਰਗ 12-ਏ (ਮਾਨਸਾ-ਪਟਿਆਲਾ) ’ਤੇ ਬੱਸਾਂ ਲਾ ਕੇ ਲਗਪਗ ਤਿੰਨ ਘੰਟਿਆਂ ਤੱਕ ਆਵਾਜਾਈ ਰੋਕੀ ਰੱਖੀ, ਜਿਸ ਕਾਰਨ ਰਾਹਗੀਰਾਂ ਤੇ ਬੱਸਾਂ ਵਿੱਚ ਬੈਠੀਆਂ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਜਦੋਂ ਪੀਆਰਟੀਸੀ ਦੀ ਇਕ ਬੱਸ ਅੱਡੇ ਸਾਹਮਣੇ ਰੁਕੀ ਤਾਂ ਬੱਸ ਡਰਾਈਵਰ ਨੇ ਅੱਗੇ ਖੜ੍ਹੀ ਇਕ ਗੱਡੀ ਨੂੰ ਅਗਾਂਹ ਕਰਨ ਲਈ ਕਹਿ ਦਿੱਤਾ ਜਿਸ ਤੋਂ ਬਾਅਦ ਮਾਮਲਾ ਭਖ ਗਿਆ ਅਤੇ ਡਰਾਈਵਰ ਦੀ ਖਿੱਚ-ਧੂਹ ਕੀਤੀ ਗਈ।
ਠੇਕੇਦਾਰਾਂ ਦੀ ਕਥਿਤ ਗੁੰਡਾਗਰਦੀ ਖ਼ਿਲਾਫ ਲਗਾਏ ਗਏ ਇਸ ਧਰਨੇ ਵਿੱਚ ਕੰਡਕਟਰਾਂ-ਡਰਾਈਵਰਾਂ ਤੋਂ ਇਲਾਵਾ ਸਥਾਨਕ ਲੋਕਾਂ ਨੇ ਵੀ ਸ਼ਾਮਲ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਪੁਲੀਸ ਅਤੇ ਸ਼ਰਾਬ ਦੇ ਠੇਕੇਦਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਕੱਠ ਹੁੰਦਾ ਵੇਖ ਕੇ ਠੇਕੇਦਾਰ ਠੇਕਿਆਂ ਨੂੰ ਜਿੰਦਰੇ ਮਾਰ ਕੇ ਚਲੇ ਗਏ। ਜਾਣਕਾਰੀ ਅਨੁਸਾਰ ਬਠਿੰਡਾ ਡਿੱਪੂ ਦੇ ਬਠਿੰਡਾ-ਅੰਬਾਲਾ ਕੈਂਟ ਰੂਟ ਦੀ ਬੱਸ ਪੀਬੀ 11 ਸੀਐੱਫ 8955 ਦਾ ਡਰਾਈਵਰ ਬੱਸ ਅੱਡੇ ਦੇ ਸਾਹਮਣੇ ਰੁਕਿਆ ਤਾਂ ਉਸ ਨੇ ਸਾਹਮਣੇ ਖੜ੍ਹੀ ਬਿਨਾਂ ਨੰਬਰ ਬੋਲੇਰੋ ਗੱਡੀ ਨੂੰ ਇੱਕ ਪਾਸੇ ਕਰਕੇ ਲਾਉਣ ਲਈ ਕਿਹਾ। ਇਸ ਗੱਲ ’ਤੇ ਗੱਡੀ ਸਵਾਰਾਂ ਨੇ ਡਰਾਈਵਰ ਨਾਲ ਖਿੱਚ-ਧੂਹ ਕੀਤੀ ਤੇ ਕਥਿਤ ਗਾਲਾਂ ਵੀ ਕੱਢੀਆਂ। ਜਿਸ ਦੇ ਵਿਰੋਧ ਵਿੱਚ ਡਰਾਈਵਰ ਨੇ ਬੱਸ ਸੜਕ ’ਤੇ ਟੇਢੀ ਕਰ ਕੇ ਜਾਮ ਲਗਾ ਦਿੱਤਾ। ਲੋਕ ਰੋਹ ਨੂੰ ਦੇਖਦੇ ਹੋਏ ਡੀਐੱਸਪੀ ਤਰਸੇਮ ਮਸੀਹ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਡਰਾਈਵਰ ਦੇ ਬਿਆਨ ਦੇ ਆਧਾਰ ’ਤੇ ਪਰਚਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।