ਮਨੋਜ ਸ਼ਰਮਾ
ਬਠਿੰਡਾ, 15 ਅਕਤੂਬਰ
ਬਠਿੰਡਾ ਪੁਲੀਸ ਵੱਲੋਂ ਭਾਵੇਂ ਵਿਵਾਦਤ ਸੁੰਦਰਤਾ ਮੁਕਾਬਲੇ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਪਰ ਇਸ ਮਾਮਲੇ ’ਚ ਅੱਜ ਬਠਿੰਡਾ ਸ਼ਹਿਰ ਦੇ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਵਿਵਾਦਤ ਹੋਟਲ ਦੇ ਸਾਹਮਣੇ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ। ਮੌਕੇ ’ਤੇ ਪੁੱਜੇ ਹੋਟਲ ਰੈਸਟੋਰੈਂਟ ਐਂਡ ਰਿਜ਼ੋਰਟਜ਼ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਸਤੀਸ਼ ਅਰੋੜਾ ਨੇ ਹੋਟਲ ਮਾਲਕ ਦੇ ਹੱਕ ਵਿੱਚ ਖੜ੍ਹਦਿਆਂ ਸਾਬਕਾ ਕੌਂਸਲਰ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਤੇ ਬਾਅਦ ਵਿੱਚ ਮਾਮਲਾ ਵਧਦਾ ਦੇਖ ਕੇ ਹੋਟਲ ਮਾਲਕ ਜਗਦੀਸ਼ ਗਰੋਵਰ ਵੱਲੋਂ ਵੀ ਹੱਥ ਜੋੜ ਕੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗੀ ਗਈ। ਵਿਜੈ ਕੁਮਾਰ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਗ਼ਲਤ ਕੰਮ ਨਹੀਂ ਹੋਣ ਦੇਣਗੇ। ਉਨ੍ਹਾਂ ਪੁਲੀਸ ਨੂੰ ਹੋਟਲ ਦਾ ਰਿਕਾਰਡ ਜ਼ਬਤ ਕਰਨ ਅਤੇ ਪਰਚੇ ਛਾਪਣ ਵਾਲੀ ਪ੍ਰਿਟਿੰਗ ਪ੍ਰੈੱਸ ਵਾਲਿਆਂ ਖ਼ਿਲਾਫ਼ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਥਾਣਾ ਕੋਤਵਾਲੀ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੋਸਟਰ ਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹੋਟਲ ਦਾ ਵੀ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਗਿਆ ਹੈ।