ਪੱਤਰ ਪ੍ਰੇਰਕ
ਬਠਿੰਡਾ, 11 ਮਈ
ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ (ਆਪ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸ਼ਰਤਾਂ ’ਤੇ ਮਿਲੀ ਜ਼ਮਾਨਤ ਦੀ ਖੁਸ਼ੀ ਮਨਾ ਰਹੀ ਹੈ ਤੇ ਕਿਹਾ ਕਿ ਪਾਰਟੀ ਦੱਸੇ ਕਿ ਉਹ ਅਜਿਹੇ ਭ੍ਰਿਸ਼ਟ ਆਗੂ ਦਾ ਬਚਾਅ ਕਿਉਂ ਕਰ ਰਹੀ ਹੈ ਜਿਸਨੇ ਅਦਾਲਤੀ ਜਾਂਚ ਮੁਤਾਬਕ 328 ਕਰੋੜ ਰੁਪਏ ਦੇ ਆਬਕਾਰੀ ਘੁਟਾਲੇ ਦੀ ਪ੍ਰਧਾਨਗੀ ਕੀਤੀ ਹੈ। ਬਠਿੰਡਾ ਦੇ ਐੱਮਪੀ ਇਸ ਹਲਕੇ ਦਿਹਾਤੀ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਉਹ ਜੇਲ੍ਹ ਵਿੱਚ ਸਨ ਤਾਂ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਥਿਤ ਗੰਢਤੁੱਪ ਕਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਵੀ ਪੰਜਾਬ ਵਿੱਚ ਉਸੇ ਤਰੀਕੇ ਸ਼ਰਾਬ ਘੁਟਾਲਾ ਕੀਤਾ ਹੈ, ਜਿਵੇਂ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ।
ਬੀਬਾ ਬਾਦਲ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਦੇ ਪੈਰਾਂ ਵਿਚ ਡਿੱਗ ਕੇ ਆਪਣੀ ਚਮੜੀ ਤਾਂ ਬਚਾਅ ਲਈ ਪਰ ਉਹ ਕੁ-ਪ੍ਰਸ਼ਾਸਨ ਤੇ ਹਜ਼ਾਰਾਂ ਕਰੋੜ ਰੁਪਏ ਇਸ਼ਤਿਹਾਰਬਾਜ਼ੀ, ਪਬਲੀਸਿਟੀ ਸਟੰਟ ਤੇ ਅਰਵਿੰਦ ਕੇਜਰੀਵਾਲ ਦੀ ਹੋਰ ਰਾਜਾਂ ਵਿੱਚ ਚੋਣ ਪ੍ਰਚਾਰ ਮੁਹਿੰਮ ’ਤੇ ਬਰਬਾਦ ਕਰਨ ਲਈ ਪੰਜਾਬੀਆਂ ਨੂੰ ਜਵਾਬਦੇਹ ਹਨ।
‘ਆਪ’ ਦੇ ਕੁੱਝ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ
ਭੁੱਚੋ ਮੰਡੀ (ਪਵਨ ਗੋਇਲ): ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਹਾਸਲ ਕਰਨ ਲਈ ਔਰਤਾਂ ਸਮੇਤ ਹੋਰਨਾਂ ਵਰਗਾਂ ਨਾਲ ਕੀਤੇ ਸਾਰੇ ਚੋਣ ਵਾਅਦੇ ਵਿਸਾਰ ਦਿੱਤੇ ਹਨ। ਚੌਣਾਂ ਮੌਕੇ ‘ਆਪ’ ਨੇ ਪੰਜਾਬ ਵਿੱਚ ਸਰਕਾਰ ਬਣਦਿਆਂ ਹੀ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਹਾਲੇ ਤੱਕ ‘ਆਪ’ ਸਰਕਾਰ ਨੇ ਇੱਕ ਰੁਪਏ ਵੀ ਔਰਤਾਂ ਨੂੰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਾਅਦੇ ਅਨੁਸਾਰ ਹਰ ਔਰਤ ਨੂੰ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਦੇ 26-26 ਹਜ਼ਾਰ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੇ। ਲੰਘੀ ਦੇਰ ਸ਼ਾਮ ਬੀਬਾ ਬਾਦਲ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਭੁੱਚੋ ਖੁਰਦ, ਤੁੰਗਵਾਲੀ, ਭੁੱਚੋ ਕਲਾਂ, ਬੁਰਜ ਕਾਹਨ ਸਿੰਘ ਵਾਲਾ ਅਤੇ ਰਾਮ ਬਿਲਾਸ ਬਸਤੀ (ਭੁੱਚੋ ਮੰਡੀ) ਵਿੱਚ ਚੋਣ ਪ੍ਰਚਾਰ ਕੀਤਾ। ਰਾਮ ਬਿਲਾਸ ਬਸਤੀ ਵਿੱਚ ‘ਆਪ’ ਦੇ ਕੁੱਝ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਹੋਏ। ਬੀਬਾ ਬਾਦਲ ਨੇ ਇਨ੍ਹਾਂ ਪਰਿਵਾਰਾਂ ਦੇ ਮੁਖੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਭੁੱਚੋ ਕਲਾਂ ਦੇ ਡੇਰੇ ਰੂਮੀ ਵਾਲਾ ਵਿੱਚ ਮੱਥਾ ਟੇਕਿਆ।