ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 11 ਮਈ
ਹਰਰਾਏਪੁਰ ਗਊਸ਼ਾਲਾ ਵਿੱਚ ਕਥਿਤ ਤੌਰ ’ਤੇ ਮਰ ਰਹੀਆਂ ਗਾਵਾਂ ਦੀ ਸੰਭਾਲ ਲਈ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜਦਿਆਂ ਵੱਖ-ਵੱਖ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ। ਸੰਸਥਾਵਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹਰਰਾਏਪੁਰ ਗਊਸ਼ਾਲਾ ਵਿੱਚ ਦੋ ਮਹੀਨਿਆਂ ਵਿੱਚ 500 ਤੋਂ ਵੱਧ ਗਊਆਂ ਭੁੱਖ ਅਤੇ ਪਿਆਸ ਨਾਲ ਮਰ ਚੁੱਕੀਆਂ ਹਨ। ਜਥੇਬੰਦੀਆਂ ਨੇ ਮੰਗ ਕਰਦਿਆਂ ਕਿਹਾ ਕਿ ਗਊਆਂ ਦੀ ਮੌਤ ਦਾ ਕਾਰਨ ਬਣੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ। ਇਸ ਦੌਰਾਨ ਗਾਵਾਂ ਦੀ ਪੂਰੀ ਖੁਰਾਕ ਦਾ ਪ੍ਰਬੰਧ ਕਰਨ ਅਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ ਦੀ ਵੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਯੋਜਨਾਬੱਧ ਤਰੀਕੇ ਨਾਲ ਕੈਮਰੇ ਚਲਾਉਣ ਲਈ ਨੋਡਲ ਅਫਸਰ ਦੀ ਨਿਯੁਕਤੀ ਕਰਨ ਅਤੇ ਜ਼ਖ਼ਮੀ ਗਊਆਂ ਦੇ ਇਲਾਜ ਲਈ ਡਾਕਟਰਾਂ ਦੀ ਟੀਮ ਤਾਇਨਾਤ ਕਰਨ ਦੀ ਮੰਗ ਵੀ ਕੀਤੀ ਗਈ। ਮਰੀਆਂ ਗਊਆਂ ਦਾ ਪੋਸਟਮਾਰਟਮ ਲਾਜ਼ਮੀ ਕਰਵਾਉਣ ਲਈ ਆਖਿਆ ਗਿਆ। ਮੰਗ ਪੱਤਰ ਦੇ ਨਾਲ ਜਥੇਬੰਦੀਆਂ ਨੇ ਆਰ.ਟੀ.ਆਈ ਰਾਹੀਂ ਪ੍ਰਾਪਤ ਜਾਣਕਾਰੀ ਦੀ ਕਾਪੀ ਮੁੱਖ ਮੰਤਰੀ ਨੂੰ ਭੇਜੀ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਜਥੇਬੰਦੀਆਂ ਨੇ ਕਿਹਾ ਕਿ ਜੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਜਥੇਬੰਦੀਆਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨੌਜਵਾਨ ਵੈੱਲਫੇਅਰ ਸੁਸਾਇਟੀ, ਜੀਵਨ ਜੋਤੀ ਵੈੱਲਫੇਅਰ ਕਲੱਬ, ਜਾਗੋ ਗ੍ਰਾਹਕ, ਆਰਟ ਆਫ ਲਿਵਿੰਗ, ਸ਼੍ਰੀ ਸਾਈਂ ਸੇਵਾ ਦਲ, ਭਾਰਤ ਵਿਕਾਸ ਪ੍ਰੀਸ਼ਦ, ਸਮਰਥ ਵੈੱਲਫੇਅਰ ਸੁਸਾਇਟੀ, ਸ੍ਰੀ ਹਨੂੰਮਾਨ ਸੇਵਾ ਸਮਿਤੀ ਤੇ ਅਖਿਲ ਅਗਰਵਾਲ ਪਰਿਵਾਰ ਸਭਾ ਦੇ ਨੁਮਾਇੰਦੇ ਮੌਜੂਦ ਸਨ।
ਗਊਆਂ ਦੀ ਮੌਤ ਸ਼ਰਮਨਾਕ: ਪਰਮਪਾਲ ਕੌਰ
ਬਠਿੰਡਾ: ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਬੀਬਾ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਹਰਰਾਏਪੁਰ ਵਿੱਚ 500 ਤੋਂ ਵੱਧ ਗਊਆਂ ਦੀ ਮੌਤ ਦੇ ਵਿਰੋਧ ਵਿੱਚ ਫਾਇਰ ਬ੍ਰਿਗੇਡ ਚੌਕ ਵਿੱਚ ਧਰਨਾ ਦਿੱਤਾ। ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਹਮਾਇਤ ਲਈ ਆਈ ਬੀਬਾ ਪਰਮਪਾਲ ਕੌਰ ਨੇ ਦੋਸ਼ ਲਾਇਆ ਕਿ ਗਊਸ਼ਾਲਾ ਦੀ ਸਾਂਭ-ਸੰਭਾਲ ਲਈ ਬਜਟ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਦੇਖ ਕੇ ਵੀ ਅਣਦੇਖੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਗਊਆਂ ਨੂੰ ਮਾਂ ਵਰਗਾ ਸਤਿਕਾਰ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਸੱਤਾ ਵਿੱਚ ਨਹੀਂ ਹਨ, ਪਰ ਲੋਕਾਂ ਨਾਲ ਗੱਲ ਕਰ ਕੇ ਗਊਸ਼ਾਲਾ ਦੀ ਹਾਲਤ ਸੁਧਾਰਨ ਲਈ ਕੰਮ ਕਰਨਗੇ। -ਪੱਤਰ ਪ੍ਰੇਰਕ