ਦਿਲਬਾਗ ਸਿੰਘ ਅਟਾਰੀ
ਅਟਾਰੀ, 11 ਮਈ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ (ਡੀਜੀ) ਨਿਤਿਨ ਅਗਰਵਾਲ ਕੌਮਾਂਤਰੀ ਸਰਹੱਦ ਅਟਾਰੀ ਦਾ ਦੌਰਾ ਕੀਤਾ ਤੇ ਸਰਹੱਦ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਫਿਰੋਜ਼ਪੁਰ ਸਰਹੱਦੀ ਖੇਤਰ ਦਾ ਦੌਰਾ ਵੀ ਕੀਤਾ। ਜੇਸੀਪੀ ਅਟਾਰੀ ਪੁੱਜਣ ’ਤੇ ਜਵਾਨਾਂ ਵੱਲੋਂ ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਦਿੱਤਾ ਗਿਆ। ਅਟਾਰੀ ਸਰਹੱਦ ਵਿਖੇ ਦੌਰੇ ਦੌਰਾਨ ਉਨ੍ਹਾਂ ਨੇ ਬੀਐਸਐਫ ਦਾ ਝੰਡਾ ਲਹਿਰਾਉਣ ਦੀ ਰਸਮ ਦਾ ਉਦਘਾਟਨ ਕੀਤਾ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਆਈਜੀ ਅਤੁੱਲ ਫੁਲਜਲੇ, ਡੀਆਈਜੀ ਸੰਜੇ ਗੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡੀਜੀ ਨਿਤਿਨ ਅਗਰਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਬੀਐੱਸਐੱਫ ਭਾਰਤ-ਪਾਕਿਸਤਾਨ ਸਰਹੱਦ ’ਤੇ ਤਸਕਰੀ ਨੂੰ ਰੋਕਣ ਲਈ ਹਰੇਕ ਉਪਰਾਲਾ ਕਰ ਰਹੀ ਹੈ ਅਤੇ ਜਵਾਨ ਬਹੁਤ ਹੀ ਮੁਸਤੈਦੀ ਨਾਲ ਸਰਹੱਦ ’ਤੇ ਡਿਊਟੀ ਕਰਦੇ ਹਨ। ਇਸ ਸਦਕਾ ਲੰਘੇ ਸਾਲ 160 ਡਰੋਨ, 432 ਕਿਲੋ ਹੈਰੋਇਨ ਅਤੇ 29 ਹਥਿਆਰ ਫੜੇ ਸਨ। ਉਨ੍ਹਾਂ ਕਿਹਾ ਕਿ ਡਰੋਨਾਂ ਨੂੰ ਰੋਕਣ ਲਈ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਪਾਕਿਸਤਾਨ ਤੋਂ ਕੋਈ ਵੀ ਗ਼ੈਰਕਾਨੂੰਨੀ ਵਸਤੂ ਪਾਕਿਸਤਾਨ ਤੋਂ ਭਾਰਤ ਨਾ ਆ ਸਕੇ। ਡਾਇਰੈਕਟਰ ਜਨਰਲ ਵੱਲੋਂ ਝੰਡਾ ਲਹਿਰਾਉਣ ਸਮੇਂ ਉੱਚ ਅਧਿਕਾਰੀ, ਜਵਾਨ ਅਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।