ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਨਵੰਬਰ
ਪਾਵਨ ਸਰੂਪ ਨੂੰ ਅਟੈਚੀ ਵਿੱਚ ਰੱਖ ਕੇ ਜਹਾਜ਼ ਰਾਹੀਂ ਅੰਮ੍ਰਿਤਸਰ ਤੋਂ ਪੁਣੇ ਲਿਜਾਣ ਦੇ ਮਾਮਲੇ ਵਿਚ ਗੁਰਦੁਆਰਾ ਨਾਨਕਸਰ ਸਮਾਧ ਭਾਈ ਦੇ ਮੁਖੀ ਬਾਬਾ ਕੁਲਵੰਤ ਸਿੰਘ ਨੇ ਅੱਜ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਆਪਣਾ ਸਪੱਸ਼ਟੀਕਰਨ ਸੌਂਪ ਕੇ ਹੋਈ ਭੁੱਲ ਲਈ ਖਿਮਾ ਯਾਚਨਾ ਕੀਤੀ ਹੈ। ਇਸ ਮਾਮਲੇ ’ਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਕੁਲਵੰਤ ਸਿੰਘ ਨੂੰ ਪੰਜ ਦਿਨਾਂ ਵਿੱਚ ਸਪੱਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ ਸੀ, ਜਿਸ ਤਹਿਤ ਉਨ੍ਹਾਂ ਅੱਜ ਦੂਜੇ ਦਿਨ ਹੀ ਆਪਣਾ ਸਪੱਸ਼ਟੀਕਰਨ ਸੌਂਪ ਦਿੱਤਾ ਹੈ। ਜਥੇਦਾਰ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਸਪੱਸ਼ਟਕੀਰਨ ਅਗਲੇਰੀ ਕਾਰਵਾਈ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜਿਆ ਜਾਵੇਗਾ। ਮਿਲੇ ਵੇਰਵਿਆਂ ਮੁਤਾਬਕ ਸਪੱਸ਼ਟੀਕਰਨ ’ਚ ਉਨ੍ਹਾਂ ਨੇ ਹੋਈ ਭੁੱਲ ਵਾਸਤੇ ਖਿਮਾ ਯਾਚਨਾ ਕੀਤੀ ਹੈ ਤੇ ਕਿਹਾ ਕਿ ਅਕਾਲ ਤਖਤ ਵੱਲੋਂ ਜੋ ਵੀ ਆਦੇਸ਼ ਹੋਵੇਗਾ, ਉਸ ਨੂੰ ਪ੍ਰਵਾਨ ਕਰਨਗੇ।