ਪੱਤਰ ਪ੍ਰੇਰਕ
ਲੌਂਗੋਵਾਲ, 17 ਨਵੰਬਰ
ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਿੱਚ ਗ਼ਦਰ ਲਹਿਰ ਦੇ ਸ਼ਹੀਦਾਂ ਦੀ ਯਾਦ ਵਿਚ ਕਰਵਾਇਆ ਜਾਣ ਵਾਲਾ ਮਾਲਵੇ ਦਾ ਰਵਾਇਤੀ 17ਵਾਂ ਮੇਲਾ ਦੇਸ਼ ਭਗਤਾਂ ਦਾ ਪੂਰੇ ਸ਼ਾਨੋ-ਸੌਕਤ ਨਾਲ ਸਮਾਪਤ ਹੋ ਗਿਆ ਹੈ। ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਅਤੇ ਮੌਜੂਦਾ ਕਿਸਾਨ ਅਤੇ ਮਜ਼ਦੂਰ ਸੰਘਰਸ਼ਾਂ ਨੂੰ ਸਮਰਪਿਤ ਕੀਤੇ ਗਏ ਇਸ ਮੇਲੇ ਵਿੱਚ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੇ ਨਿਰਦੇਸ਼ਨ ਹੇਠ ਸੰਘਰਸ਼ਾਂ ਦਾ ਹੋਕਾ ਦਿੰਦਾ ‘ਨਾਟਕ ਉੱਠਣ ਦਾ ਵੇਲਾ’ ਅਤੇ ਇਤਿਹਾਸਕ ਨਾਟਕ ‘ਸਿਰ ਜੋ ਝੁਕੇ ਨਹੀਂ’ ਦੇ ਮੰਚਨ ਰਾਹੀਂ ਬਰਤਾਨਵੀ ਹਕੂਮਤ ਨੂੰ ਮਲੀਆਂ ਮੇਟ ਕਰਨ ਵਾਲੇ ਨਾਇਕਾ ਨੂੰ ਲੋਕਾਂ ਦੇ ਰੂਬਰੂ ਕਰਨ ਵਿੱਚ ਸਫ਼ਲ ਰਹੇ। ਸੰਸਥਾ ਦੇ ਜਨਰਲ ਸਕੱਤਰ ਜੁਝਾਰ ਲੌਂਗੋਵਾਲ ਨੇ ਮੰਚ ਸੰਚਾਲਨ ਅਤੇ ਪ੍ਰਧਾਨ ਮਾਸਟਰ ਬਲਵੀਰ ਲੌਂਗੋਵਾਲ ਨੇ ਜਿੱਥੇ ਸੰਸਥਾ ਦੇ ਉਦੇਸ਼ਾਂ ਵਾਰੇ ਜਾਣੂ ਕਰਵਾਇਆ ਉੱਥੇ ਮੁਲਕ ਵਿੱਚ ਰਾਜਸੀ ਸਹਿ ਪਾਪਤ ਫ਼ਿਰਕੂ ਅਤੇ ਫਾਸੀ ਵਾਦੀ ਤਾਕਤਾਂ ਰਾਹੀ ਮੁਲਕ ਨੂੰ ਤਬਾਹੀ ਵੱਲ ਧੱਕਣ ਵਾਲੇ ਸਾਮਰਾਜਵਾਦ ਅਤੇ ਪੂੰਜੀਪਤੀ ਘਰਾਣਿਆਂ ਖ਼ਿਲਾਫ਼ ਇਕਜੁੱਟ ਹੋ ਕੇ ਟਾਕਰਾ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਦਿਲਜੋਤ ਬੰਟੀ, ਭੋਲਾ ਸੰਗਰਾਮੀ ਮਾਡਲ ਟਾਊਨ, ਅਰਸ਼ਦੀਪ ਸਿੰਘ, ਜੋਰਾ ਸਿੰਘ ਖਿਆਲੀ ਅਤੇ ਮਨਜੀਤ ਬੰਟੀ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਕਮੇਟੀ ਵੱਲੋਂ ਉੱਘੇ ਪਰਜਾ ਮੰਡਲੀਏ ਗਿਆਨੀ ਕਿਹਰ ਸਿੰਘ ਛੋਟਾਚੱਕ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਇਨਕਲਾਬੀ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਲੋਕਾਂ ਦੇ ਖਿੱਚ ਦਾ ਕੇਂਦਰ ਰਹੀ।
ਭਾਸ਼ਾ ਵਿਭਾਗ ਵੱਲੋਂ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਨਾਟਕ ਮੇਲਾ
ਪਟਿਆਲਾ (ਪੱਤਰ ਪ੍ਰੇਰਕ): ਪੰਜਾਬ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ‘ਪੰਜਾਬੀ ਮਾਹ’ ਦੇ ਸਮਾਗਮਾਂ ਦੀ ਲੜੀ ਤਹਿਤ ਓਪਨ ਏਅਰ ਥੀਏਟਰ, ਭਾਸ਼ਾ ਭਵਨ, ਪਟਿਆਲਾ ਵਿੱਚ ਨਾਟਕ ਮੇਲਾ ਕਰਵਾਇਆ ਗਿਆ। ਇਸ ਸਮਾਗਮ ਦੀ ਰੂਪ ਰੇਖਾ ਚੰਦਨਦੀਪ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵੱਲੋਂ ਤਿਆਰ ਕੀਤੀ ਗਈ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਨਾਟਕਕਾਰ ਸਤੀਸ਼ ਕੁਮਾਰ ਵਰਮਾ, ਵਿਸ਼ੇਸ਼ ਮਹਿਮਾਨ ਡਾਇਰੈਕਟਰ ‘ਆਦਿ ਮੰਚ’ ਹਰਜੀਤ ਕੈਂਥ ਅਤੇ ਪ੍ਰਧਾਨਗੀ ਡਾਇਰੈਕਟਰ ‘ਕਲਾਕ੍ਰਿਤੀ’ ਪਰਮਿੰਦਰਪਾਲ ਕੌਰ ਨੇ ਕੀਤੀ। ਇਸ ਮੌਕੇ ਮੋਦੀ ਕਾਲਜ ਵੱਲੋਂ ਇਕਾਂਗੀ ਨਾਟਕ ‘ਇੱਕੋ ਰਾਹ ਸਵੱਲੜਾ’, ਖ਼ਾਲਸਾ ਕਾਲਜ ਵੱਲੋਂ ਨੁੱਕੜ ਨਾਟਕ ‘ਵਹਿੰਗੀ’ ਅਤੇ ਭੰਡਾਂ ਦੀ ਪੇਸ਼ਕਾਰੀ ਕੀਤੀ ਗਈ। ਸਹਾਇਕ ਡਾਇਰੈਕਟਰ ਕੰਵਲਜੀਤ ਕੌਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਤੇਜਿੰਦਰ ਸਿੰਘ ਗਿੱਲ ਨੇ ਨਿਭਾਈ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।