ਰਤਨ ਸਿੰਘ ਢਿੱਲੋਂ
ਅੰਬਾਲਾ, 15 ਮਈ
ਫਾਇਰਮੈਨ ਅਪਰੇਟਰ-ਕਮ-ਡਰਾਈਵਰ ਭਰਤੀ ਨੂੰ ਲੈ ਕੇ ਨੌਜਵਾਨ ਪੰਚਕੂਲਾ ਤੋਂ ਕਰਨਾਲ ਤੱਕ ਨੰਗੇ ਧੜ ਪੈਦਲ ਯਾਤਰਾ ’ਤੇ ਨਿਕਲੇ ਹਨ। ਇਹ ਯਾਤਰਾ ਅੱਜ ਅੰਬਾਲਾ ਪਹੁੰਚੀ ਅਤੇ ਜੰਡਲੀ ਪੁਲ ਦੇ ਥੱਲੇ ਕੁਝ ਦੇਰ ਵਾਸਤੇ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੇ ਆਰਾਮ ਕੀਤਾ। ਇੱਥੇ ਕਾਂਗਰਸੀ ਆਗੂ ਅਤੁਲ ਮਹਾਜਨ ਨੇ ਇਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕੀਤਾ।
ਬੇਰੁਜ਼ਗਾਰ ਨੌਜਵਾਨਾਂ ਦੇ ਆਗੂ ਨੇ ਦੱਸਿਆ ਕਿ ਉਹ 750 ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ ਹੈ ਜਦੋਂ ਕਿ ਉਹ ਯੋਗ ਹਨ ਅਤੇ ਲੋੜੀਂਦੀ ਪ੍ਰੀਖਿਆ ਵੀ ਦੇ ਚੁੱਕੇ ਹਨ। ਉਨ੍ਹਾਂ ਦੇ ਇਕ ਦਫ਼ਤਰ ਤੋਂ ਦੂਜੇ ਦਫ਼ਤਰ ਤੱਕ ਚੱਕਰ ਲਗਵਾਏ ਜਾ ਰਹੇ ਹਨ। ਜੇਕਰ ਉਹ ਫਾਇਰ ਵਿਭਾਗ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਰਮਚਾਰੀ ਚੋਣ ਕਮਿਸ਼ਨ ਦੇ ਦਫ਼ਤਰ ਭੇਜ ਦਿੱਤਾ ਜਾਂਦਾ ਹੈ। ਉਹ ਇਸ ਸਬੰਧੀ ਮੁੱਖ ਮੰਤਰੀ ਨੂੰ ਵੀ ਮਿਲ ਚੁੱਕੇ ਹਨ। ਉਨ੍ਹਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਪਰੰਤੂ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਆਗੂ ਨੇ ਕਿਹਾ ਕਿ ਉਹ ਸਰਕਾਰ ਖ਼ਿਲਾਫ਼ ਨਹੀਂ ਹਨ ਬਲਕਿ ਯਾਤਰਾ ਕੱਢ ਕੇ ਆਪਣਾ ਰੋਸ ਪ੍ਰਗਟਾ ਰਹੇ ਹਨ।