ਅਸ਼ਵਨੀ ਗਰਗ
ਸਮਾਣਾ, 21 ਸਤੰਬਰ
ਪਸਿਆਣਾ ਤੋਂ ਸਮਾਣਾ ਵਿਚਾਲੇ ਭਾਖੜਾ ਨਹਿਰ ਦੇ ਕਿਨਾਰੇ ਥਾਂ-ਥਾਂ ਤੋਂ ਟੁੱਟੇ ਪਏ ਹਨ। ਕਈ ਥਾਵਾਂ ’ਤੇ ਤਾਂ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਹੈ। ਜੇਕਰ ਛੇਤੀ ਹੀ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸੇ ਵੀ ਸਮੇਂ ਭਾਖੜਾ ਨਹਿਰ ਸਮਾਣਾ ਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਵੱਡਾ ਕਹਿਰ ਢਾਹ ਸਕਦੀ ਹੈ। ਹਾਲਾਂਕਿ ਇਸ ਦੀ ਗੰਭੀਰਤਾ ਤੋਂ ਨਹਿਰੀ ਵਿਭਾਗ ਦੇ ਅਧਿਕਾਰੀ ਚੰਗੀ ਤਰ੍ਹਾਂ ਵਾਕਫ਼ ਹਨ ਪ੍ਰ੍ਰੰਤੂ ਇਸਦੇ ਬਾਵਜੂਦ ਉਹ ਕੋਈ ਕਾਰਵਾਈ ਨਹੀਂ ਕਰ ਰਹੇ।
ਸਮਾਣਾ ਚੀਕਾ ਰੋਡ ’ਤੇ ਭਾਖੜਾ ਦੇ ਪੁੱਲ ਨਜ਼ਦੀਕ, ਪਿੰਡ ਫ਼ਤਿਹਪੁਰ ਅਤੇ ਪਸਿਆਣਾ ਨੇੜੇ ਭਾਖੜਾ ਦੇ ਕਿਨਾਰੇ ਬੁਰੀ ਤਰ੍ਹਾਂ ਟੁੱਟੇ ਪਏ ਹਨ। ਕਈ ਥਾਵਾਂ ’ਤੇ ਤਾਂ ਇਹ ਪਾੜ ਕਈ ਕਈ ਫੁੱਟ ਦਾ ਬਣ ਚੁੱਕਾ ਹੈ ਤੇ ਕਈ ਥਾਵਾਂ ’ਤੇ ਇਹ ਖ਼ਤਰਨਾਕ ਸਥਿਤੀ ਵਿਚ ਪਹੁੰਚ ਚੁੱਕੇ ਹਨ। ਇਨ੍ਹਾਂ ਕਾਰਨ ਕਿਸੇ ਸਮੇਂ ਵੀ ਸਮਾਣਾ ਅਤੇ ਨੇੜਲੇ ਪਿੰਡਾਂ ਵਿਚ ਭਾਰਤੀ ਤਬਾਹੀ ਹੋ ਸਕਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਭਾਖੜਾ ਨਹਿਰ ਨੂੰ ਪੁਰੀ ਤਰ੍ਹਾਂ ਬੰਦ ਕਰਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਭਾਖੜਾ ਨਹਿਰ ਦੀ ਮੁਰੰਮਤ ਦਾ ਕੰਮ ਕਰਵਾਇਆ ਗਿਆ ਸੀ ਪ੍ਰੰਤੂ ਕੁੱਝ ਸਮੇਂ ਵਿਚ ਹੀ ਨਹਿਰ ਦੇ ਕਿਨਾਰਿਆਂ ਦਾ ਇੰਝ ਖੁਰ ਜਾਣਾ ਵਿਭਾਗ ਵਿਚ ਫੈਲੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ।
ਨਹਿਰ ਦੇ ਪੱਕੀਆਂ ਇੱਟਾਂ ਨਾਲ ਬਣਾਏ ਬੈੱਡ ਭਾਖੜਾ ਦੇ ਪਾਣੀ ਵਿਚ ਰੁੜ ਚੁੱਕੇ ਹਨ ਕਈ ਥਾਵਾਂ ਤੋਂ ਨਹਿਰ ਸਿਰਫ ਆਪਣੇ ਮਿੱਟੀ ਦੇ ਕਿਨਾਰਿਆਂ ਸਹਾਰੇ ਚੱਲ ਰਹੀ ਹੈ। ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਨਹਿਰ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ। ਅਜਿਹਾ ਹੋਣ ’ਤੇ ਭਾਰੀ ਤਬਾਹੀ ਅਤੇ ਪੱਕਣ ’ਤੇ ਆਈ ਝੋਨੇ ਦੀ ਫਸਲ ਬਿਲਕੁਲ ਬਰਬਾਦ ਹੋ ਜਾਵੇਗੀ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਮਹਿਕਮੇ ਤੋਂ ਕਰਵਾਈ ਗਈ ਮੁਰੰਮਤ ਦੀ ਜਾਂਚ ਕਿਸੇ ਵਿਸ਼ੇਸ਼ ਏਜੰਸੀ ਤੋਂ ਕਰਵਾ ਕੇ ਮਹਿਕਮੇ ’ਚ ਹੋਏ ਕਥਿਤ ਘਪਲੇ ਦੀ ਜਾਂਚ ਕਰਵਾਉਣ ਤੇ ਖੁਰ ਚੁੱਕੇ ਕਿਨਾਰਿਆਂ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਗੱਲ ਕਰਨ ’ਤੇ ਨਹਿਰ ਵਿਭਾਗ ਦੇ ਐਕਸੀਅਨ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਨਹਿਰ ਦੀ ਆਰਜ਼ੀ ਮੁਰੰਮਤ ਲਈ ਫੰਡ ਹਰਿਆਣਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਜਿੰਨਾ ਕੁ ਫੰਡ ਆ ਰਿਹਾ ਹੈ ਉਸ ਨਾਲ ਆਰਜ਼ੀ ਤੌਰ ’ਤੇ ਬੁਰਜੀਆਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਮਾਣਾ ਪਟਿਆਲਾ ਰੋਡ ’ਤੇ ਨਹਿਰ ਦੇ ਖੁਰ ਚੁੱਕੇ ਕਿਨਾਰਿਆਂ ਦੀ ਜਾਂਚ ਕਰਨਗੇ। ਉਹ ਇਨ੍ਹਾਂ ਬੁਰਜੀਆਂ ਦੀ ਰਿਪੇਅਰ ਬਾਰੇ ਕੋਈ ਤਸੱਲੀਬਖ਼ਸ਼ ਜੁਆਬ ਨਹੀਂ ਦੇ ਸਕੇ।