ਸੁਭਾਸ਼ ਚੰਦਰ
ਸਮਾਣਾ, 16 ਮਾਰਚ
ਪਿੰਡ ਮਰਦਾਂਹੇੜੀ ਵਿੱਚ ਇਕ ਵਿਅਕਤੀ ਨੇ ਘਰੇਲੂ ਝਗੜੇ ਕਾਰਨ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮਵੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਸਣੇ ਸਹੁਰਾ ਪਰਿਵਾਰ ਨਾਲ ਸਬੰਧਤ ਪੰਜ ਔਰਤਾਂ ਸਮੇਤ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।
ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ (30) ਦੇ ਪਿਤਾ ਕਾਲਾ ਸਿੰਘ ਦੇ ਬਿਆਨਾਂ ਅਨੁਸਾਰ ਸਤਨਾਮ ਸਿੰਘ ਦਾ ਵਿਆਹ ਕਰੀਬ ਨੌਂ ਸਾਲ ਪਹਿਲਾਂ ਉਕਲਾਨਾ ਦੀ ਲੜਕੀ ਸੰਗੀਤਾ ਨਾਲ ਹੋਇਆ ਸੀ। ਸਤਨਾਮ ਸਿੰਘ ਦਾ ਉਸ ਦੀ ਪਤਨੀ ਨਾਲ ਝਗੜਾ ਰਹਿੰਦਾ ਸੀ, ਜਿਸ ਕਾਰਨ ਸੰਗੀਤਾ ਕਈ ਮਹੀਨੇ ਪਹਿਲਾਂ ਝਗੜਾ ਕਰ ਕੇ ਆਪਣੇ ਪੇਕੇ ਚਲੀ ਗਈ ਸੀ। ਉਸ ਨੂੰ ਲੈ ਕੇ ਆਉਣ ਲਈ ਸਤਨਾਮ ਸਿੰਘ ਨੇ ਕਈ ਵਾਰ ਪਿੰਡ ਵਿਚਲੇ ਰਿਸ਼ਤੇਦਾਰ ਰਾਹੀਂ ਕੋਸ਼ਿਸ਼ ਕੀਤੀ। ਇਸ ਝਗੜੇ ਕਰ ਕੇ ਸਤਨਾਮ ਸਿੰਘ ਤੇ ਕਾਲਾ ਸਿੰਘ ਵਗੈਰ੍ਹਾ ਨੂੰ ਮਵੀ ਚੌਕੀ ਵੀ ਰਹਿਣਾ ਪਿਆ। ਸੰਗੀਤਾ ਵੱਲੋਂ ਸਹੁਰੇ ਘਰ ਵਾਪਸ ਜਾਣ ਤੋਂ ਜਵਾਬ ਦੇਣ ਕਰ ਕੇ ਸਤਿਨਾਮ ਸਿੰਘ ਨੇ ਮੰਗਲਵਾਰ ਨੂੰ ਕੋਈ ਜ਼ਹਿਰੀਲੀ ਦਵਾਈ ਪੀ ਲਈ। ਉਪਰੰਤ ਉਸ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਸੰਗੀਤਾ, ਸੱਸ ਸਰੋਜ, ਸਾਲਾ ਸਲੀਮ ਤੇ ਸੋਨੀ, ਸਾਲੇਹਾਰ ਸੁਮਨ ਤੇ ਮਨੀਸ਼ਾ, ਸਾਲੀ ਸੁਮਨ ਅਤੇ ਸਾਂਢੂ ਹਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।