ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਮਈ
ਥਾਣਾ ਮੋਤੀ ਨਗਰ ਦੀ ਪੁਲੀਸ ਵੱਲੋਂ ਟਰੱਕ ਡਰਾਈਵਰਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਇੱਕ ਟਰਾਂਸਪੋਰਟ ਕੰਪਨੀ ਦਾ ਲੱਖਾਂ ਰੁਪਏ ਦੇ ਮੁੱਲ ਦਾ ਸਰੀਆ ਖੁਰਦ ਬੁਰਦ ਕੀਤਾ ਗਿਆ ਹੈ। ਇਸ ਸਬੰਧੀ ਮੇਜਰਜੀਤ ਸਿੰਘ ਵਾਸੀ ਮਾਡਲ ਟਾਊਨ ਨੇ ਦੱਸਿਆ ਹੈ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ। ਉਸ ਵੱਲੋਂ ਦੋ ਟਰੱਕਾਂ ਜਿਸਦੇ ਡਰਾਈਵਰ ਹਰਜੀਤ ਸਿੰਘ ਅਤੇ ਹਰਵਿੰਦਰ ਸਿੰਘ ਹਨ, ਵਿੱਚ ਕ੍ਰਮਵਾਰ 39:285 ਟਨ ਅਤੇ 39:170 ਟਨ ਸਰੀਆ ਲੋਡ ਕਰਕੇ ਕਠੂਆ ਜੰਮੂ ਕਸ਼ਮੀਰ ਭੇਜਿਆ ਸੀ। ਇਸ ਸਰੀਏ ਦੀ ਕੁੱਲ ਕੀਮਤ ਕਰੀਬ 50 ਲੱਖ ਰੁਪਏ ਬਣਦੀ ਹੈ। ਉਸਨੂੰ ਪਾਰਟੀ ਦਾ ਫੋਨ ਆਇਆ ਕਿ ਸਰੀਆ ਪਹੁੰਚਿਆ ਨਹੀਂ ਹੈ। ਇਸ ਦੌਰਾਨ ਪਤਾ ਲੱਗਾ ਕਿ ਉਕਤ ਦੋਨੋਂ ਡਰਾਈਵਰਾਂ ਨੇ ਮੈਗਾ ਇੰਜਨੀਅਰ ਦੇ ਕਰਿੰਦਿਆਂ ਸੌਰਵ, ਸ਼ੁਕਲਾ ਤੇ ਮੋਨੂੰ ਵਗੈਰਾ ਨਾਲ ਮਿਲੀਭੁਗਤ ਕਰਕੇ ਸਰੀਆ ਖੁਰਦ ਬੁਰਦ ਕਰ ਦਿੱਤਾ ਹੈ।