ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਜੁਲਾਈ
ਪਿੰਡ ਬਰਾਸ ਦੇ ਵਿਅਕਤੀ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਦਵਾਈ ਨਿਗਲਣ ਤੋਂ ਪਹਿਲਾਂ ਵਾਇਰਲ ਕੀਤੀ ਵੀਡੀਓ ਵਿੱਚ ਨੌਜਵਾਨ ਨੇ ਆਪਣੇ ਸਹੁਰੇ, ਪਤਨੀ ਤੇ ਪਿੰਡ ਅਤਾਲਾਂ ਦੀ ਔਰਤ ਨੂੰ ਜ਼ਿੰਮੇਵਾਰ ਦੱਸਿਆ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਿੰਡ ਬਰਾਸ ਦੇ ਬਲਦੇਵ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਦੇ ਭਰਾ ਹਰਪਾਲ ਸ਼ਰਮਾ ਦਾ ਵਿਆਹ ਦੋ ਮਹੀਨੇ ਪਹਿਲਾਂ ਬਰੇਟਾ ਵਾਸੀ ਨੀਤੂ ਸ਼ਰਮਾ ਨਾਲ ਹੋਇਆ ਸੀ ਤੇ ਵਿਆਹ ਮਗਰੋਂ ਉਸ ਨੂੰ ਸਹੁਰਿਆਂ ਨੇ ਘਰ ਜਵਾਈ ਰੱਖ ਲਿਆ। 21 ਜੁਲਾਈ ਨੂੰ ਪਿੰਡ ਬਰਾਸ ਆਏ ਹਰਪਾਲ ਸ਼ਰਮਾ ਨੂੰ ਉਲਟੀਆਂ ਲੱਗੀਆਂ ਹੋਈਆਂ ਸਨ। ਇਸੇ ਦੌਰਾਨ ਉਸ ਨੇ ਦੱਸਿਆ ਕਿ ਉਸ ਦੀ ਪਤਨੀ, ਸਹੁਰਾ ਤੇ ਪਿੰਡ ਅਤਾਲਾਂ ਦੀ ਔਰਤ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਹ ਉਨ੍ਹਾਂ ਨੂੰ ਪਹਿਲਾਂ 5 ਲੱਖ ਰੁਪਏ ਦੇ ਚੁੱਕਿਆ ਹੈ ਤੇ ਉਹ ਹੁਣ ਹੋਰ ਰੁਪਇਆਂ ਦੀ ਮੰਗ ਕਰ ਰਹੇ ਹਨ। ਦੁਖੀ ਹੋ ਕੇ ਉਸ ਨੇ ਸਲਫਾਸ ਦੀਆਂ ਗੋੋਲੀਆਂ ਖਾ ਲਈਆਂ ਹਨ। ਹਰਪਾਲ ਸ਼ਰਮਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਮਾਮਲੇ ਦੇ ਪੜਤਾਲੀਆ ਅਫਸਰ ਥਾਣੇਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਬਲਦੇਵ ਸਿੰਘ ਦੇ ਬਿਆਨ ਅਤੇ ਮ੍ਰਿਤਕ ਦੀ ਵਾਇਰਲ ਹੋਈ ਵੀਡੀਓ ਦੇ ਅਧਾਰ ’ਤੇ ਸੱਤਪਾਲ ਸ਼ਰਮਾ, ਨੀਤੂ ਸ਼ਰਮਾ ਅਤੇ ਹਰਵਿੰਦਰ ਕੌਰ ਵਾਸੀ ਪਿੰਡ ਅਤਾਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆਂ ਹੈ। ਮੁਲਜ਼ਮ ਫ਼ਰਾਰ ਹਨ।