ਪੱਤਰ ਪ੍ਰੇਰਕ
ਸਮਾਣਾ, 10 ਮਈ
ਪਿੰਡ ਫਤਿਹਮਾਜਰੀ ਵਿਖੇ ਇਕ ਨੌਜਵਾਨ ਨੂੰ ਸਹੁਰੇ ਪਰਿਵਾਰ ਵੱਲੋਂ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ’ਚ ਸਦਰ ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ, ਸਹੁਰੇ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।
ਮਾਮਲੇ ਦੀ ਜਾਂਚ ਅਧਿਕਾਰੀ ਸਦਰ ਪੁਲੀਸ ਦੇ ਏਐਸਆਈ ਲਾਭ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ (25) ਪੁੱਤਰ ਸੱਤਪਾਲ ਨਿਵਾਸੀ ਰਾਮਨਗਰ ਦੀ ਮਾਤਾ ਚਰਨਜੀਤ ਕੌਰ ਦੇ ਬਿਆਨਾਂ ਅਨੁਸਾਰ ਉਸ ਦ/ ਲੜਕੇ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਫ਼ਤਿਹ ਮਾਜਰੀ ਦੀ ਲੜਕੀ ਸੰਦੀਪ ਕੌਰ ਪੁੱਤਰੀ ਬਾਬੂ ਰਾਮ ਨਾਲ ਹੋਇਆ ਸੀ ਜਿਨ੍ਹਾਂ ਕੋਲ ਇਕ ਸਾਢੇ ਤਿੰਨ ਸਾਲ ਦਾ ਲੜਕਾ ਵੀ ਹੈ। ਕਰੀਬ ਤਿੰਨ ਚਾਰ ਮਹੀਨੇ ਪਹਿਲਾਂ ਘਰੇਲੂ ਝਗੜੇ ਕਾਰਨ ਉਸ ਦੀ ਨੂੰਹ ਸੰਦੀਪ ਕੌਰ ਆਪਣੇ ਪਿਤਾ ਨਾਲ ਪੇਕੇ ਚਲੀ ਗਈ ਸੀ ਜਿਸ ਨੂੰ ਲਿਆਉਣ ਲਈ ਕਈ ਵਾਰ ਮੋਹਤਬਰ ਵਿਅਕਤੀਆਂ ਦੀਆਂ ਕਈ ਪੰਚਾਇਤਾਂ ਹੋਈਆਂ, ਪਰ ਗੱਲ ਸਿਰੇ ਨਾ ਲੱਗੀ। ਉਸ ਦਾ ਲੜਕਾ ਆਪਣੇ ਲੜਕੇ ਨੂੰ ਮਿਲਣ ਲਈ ਸੋਮਵਾਰ ਨੂੰ ਪਿੰਡ ਫ਼ਤਿਹ ਮਾਜਰੀ ਗਿਆ ਸੀ, ਪਰ ਵਾਪਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਦੇਰ ਰਾਤ ਕਿਸੇ ਨੇ ਫੋਨ ਕਰਕੇ ਬੁਲਾਇਆ ਕਿ ਤੁਹਾਡਾ ਲੜਕਾ ਅਨਾਜ ਮੰਡੀ ਪਿੰਡ ਫਤਹਿ ਮਜਾਰੀ ਵਿਚ ਡਿੱਗਿਆ ਪਿਆ ਹੈ ਉਪਰੰਤ ਉਹ ਫ਼ਤਿਹ ਮਾਜਰੀ ਤੋਂ ਉਸ ਨੂੰ ਚੁੱਕ ਕੇ ਸਮਾਣਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਿਖਾਉਣ ਉਪਰੰਤ ਪਿੰਡ ਲਲੋਛੀ ਦੇ ਨਿੱਜੀ ਡਾਕਟਰ ਕੋਲ ਲੈ ਗਏ ਜਿਸ ਨੇ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਜਦੋਂ ਉਹ ਰਜਿੰਦਰਾ ਹਸਪਤਾਲ ਲਿਜਾ ਰਹੇ ਸਨ ਤਾਂ ਉਸ ਦੀ ਰਾਹ ਵਿੱਚ ਹੀ ਮੌਤ ਹੋ ਗਈ। ਉਸ ਦੀ ਮਾਂ ਨੇ ਲੜਕੇ ਦੀ ਮੌਤ ਦਾ ਕਾਰਨ ਕੁੱਟਮਾਰ ਦੱਸਿਆ ਹੈ। ਇਸ ਸਬੰਧੀ ਥਾਣਾ ਸਦਰ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ।