ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 26 ਜੁਲਾਈ
ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਬਲਾਕ ਦੇਵੀਗੜ੍ਹ ਜ਼ਿਲ੍ਹਾ ਪਟਿਆਲਾ ਵਿੱਚ ਪਿਛਲੇ ਦਸ ਪੰਦਰਾਂ ਸਾਲਾਂ ਤੋਂ ਸਕੂਲ ਦੇ ਮੁੱਖ ਗੇਟ ਦੇ ਅੱਗੇ ਖਾਲੀ ਪਈ ਜ਼ਮੀਨ ’ਤੇ ਪਿੰਡ ਦੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਖਾਲੀ ਜਗ੍ਹਾ ਵੇਖ ਕੇ ਪਿੰਡ ਵਾਸੀਆਂ ਨੇ ਪਾਥੀਆਂ ਅਤੇ ਤੂੜੀ ਨੂੰ ਸਾਂਭਣ ਲਈ ਗੁਹਾਰੇ ਰੱਖੇ ਹੋਏ ਸਨ। ਇਸ ਥਾਂ ’ਤੇ ਕਈ ਵਾਰ ਤਾਂ ਪਸ਼ੂ ਵੀ ਬੰਨ੍ਹੇ ਜਾਂਦੇ ਸਨ। ਸਕੂਲ ਦੇ ਅਧਿਆਪਕਾਂ ਵੱਲੋਂ ਪਹਿਲਾਂ ਵੀ ਕਈ ਵਾਰ ਪੰਚਾਇਤ ਨੂੰ ਇਸ ਸਬੰਧੀ ਦੱਸਿਆ ਗਿਆ ਸੀ ਪਰ ਇਸ ਮਸਲੇ ਦਾ ਹੱਲ ਨਹੀਂ ਹੋ ਸਕਿਆ ਸੀ। ਹੁਣ ਪਿੰਡ ਦੇ ਮੌਜੂਦਾ ਸਰਪੰਚ ਲਖਵੀਰ ਸਿੰਘ ਜਿਨ੍ਹਾਂ ਦੀ ਉਸਾਰੂ ਸੋਚ ਸਦਕਾ ਅਤੇ ਸਕੂਲ ਅਧਿਆਪਕ ਹਰਪ੍ਰੀਤ ਉੱਪਲ ਜੋ ਇਸ ਸਕੂਲ ਵਿੱਚ ਤਿੰਨ ਚਾਰ ਸਾਲ ਪਹਿਲਾਂ ਹੀ ਆਏ ਹਨ, ਨੇ ਦ੍ਰਿੜ੍ਹ ਇਰਾਦੇ ਨਾਲ ਸਮੁੱਚੇ ਪਿੰਡ ਵਾਸੀਆਂ, ਐੱਸ.ਐੱਮ.ਸੀ. ਮੈਂਬਰਾਂ ਅਤੇ ਹੋਰਾਂ ਨਾਲ ਮੀਟਿੰਗ ਕੀਤੀ। ਜਿਸ ਦੇ ਨਤੀਜੇ ਵਜੋਂ 1 ਵਿੱਘਾ ਦੇ ਕਰੀਬ ਨਾਜਾਇਜ਼ ਕਬਜ਼ਾ ਸਰਬਸੰਮਤੀ ਨਾਲ ਹਟਵਾਇਆ ਗਿਆ। ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਇਹ ਖਾਲੀ ਜਗ੍ਹਾ ਸਕੂਲੀ ਬੱਚਿਆਂ ਲਈ ਗਰਾਊਂਡ ਅਤੇ ਪਿੰਡ ਵਾਸੀਆਂ ਲਈ ਸੈਰ ਕਰਨ ਵਾਸਤੇ ਵਧੀਆ ਪਾਰਕ ਬਣਾਉਣ ਲਈ ਵਰਤੀ ਜਾਵੇਗੀ।
ਇਸ ਮੌਕੇ ਗੁਰਜੰਟ ਸਿੰਘ ਬੰਟੀ, ਬਲਾਕ ਮਾਸਟਰ ਟਰੇਨਰ ਨਵਦੀਪ ਸ਼ਰਮਾ, ਬਲਾਕ ਮੀਡੀਆ ਕੁਆਰਡੀਨੇਟਰ ਅਮਰੀਕ ਸਿੰਘ, ਸਕੂਲ ਅਧਿਆਪਕ ਮੈਡਮ ਸਤਵਿੰਦਰ ਕੌਰ ਵੀ ਹਾਜ਼ਰ ਹਨ।