ਪੱਤਰ ਪ੍ਰੇਰਕ
ਪਟਿਆਲਾ, 26 ਮਾਰਚ
ਸ਼ਾਹੀ ਸ਼ਹਿਰ ਪਟਿਆਲਾ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐੱਮ ਪੀ ਪ੍ਰਨੀਤ ਕੌਰ ਦੀ ਧੀ ਬੀਬਾ ਜੈਇੰਦਰ ਕੌਰ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਹੈ, ਜਿਸ ਸਬੰਧੀ ਪਟਿਆਲਾ ਸ਼ਹਿਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਸਵਾਲ ਚੁੱਕਦਿਆਂ ਕਿਹਾ ਕਿ ਬੀਬਾ ਜੈ ਇੰਦਰ ਕਿਸ ਅਹੁਦੇ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਸਰਕਾਰੀ ਅਫ਼ਸਰਾਂ ਤੋਂ ਕਾਰਜ ਪ੍ਰਤੀ ਸਵਾਲ ਪੁੱਛ ਰਹੇ ਹਨ। ਸ੍ਰੀ ਗੋਗੀਆ ਨੇ ਕਿਹਾ ਕਿ ਪਟਿਆਲੇ ਦੇ ਲੋਕਾਂ ਨੇ ਵੋਟਾਂ ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਅਤੇ ਮਾਤਾ ਪ੍ਰਨੀਤ ਕੌਰ ਨੂੰ ਪਾਈਆਂ ਹਨ ਪਰ ਬੀਬਾ ਸ਼ਾਹੀ ਪਰਿਵਾਰ ਨਾਲ ਸੰਬੰਧ ਹੋਣ ਦਾ ਨਾਜਾਇਜ਼ ਫ਼ਾਇਦਾ ਚੁੱਕਦਿਆਂ ਉਨ੍ਹਾਂ ਦੇ ਮਾਤਾ ਪਿਤਾ ਦੀ ਥਾਂ ’ਤੇ ਸਰਕਾਰੀ ਅਫ਼ਸਰਾਂ ਉੱਤੇ ਪ੍ਰਭਾਵ ਪਾ ਰਹੇ ਹਨ ਜੋ ਕਿ ਬਿਲਕੁਲ ਗ਼ਲਤ ਹੈ। ਸ੍ਰੀ ਗੋਗੀਆ ਨੇ ਇਹ ਵੀ ਸਵਾਲ ਪੁੱਛਿਆ ਕਿ ਬੀਬਾ ਜੀ ਦੇ ਮਾਤਾ ਪਿਤਾ ਲੋਕਾਂ ਵਿੱਚ ਨਹੀਂ ਵਿਚਰ ਸਕਦੇ ਤਾਂ ਉਹ ਆਪਣੇ ਅਹੁਦੇ ਤੋਂ ਲਾਂਭੇ ਕਿਉਂ ਨਹੀਂ ਹੋ ਜਾਂਦੇ।