ਗਗਨਦੀਪ ਅਰੋੜਾ
ਲੁਧਿਆਣਾ, 14 ਮਈ
ਪੰਜਾਬ ਦੀ ਸਭ ਤੋਂ ਚਰਚਿਤ ਲੋਕ ਸਭਾ ਸੀਟ ਲੁਧਿਆਣਾ ’ਤੇ ਇਸ ਸਮੇਂ ਮੁਕਾਬਲਾ ਦਿਲਚਸਪ ਬਣ ਗਿਆ ਹੈ। ਲੁਧਿਆਣਾ ਸੀਟ ਇਸ ਲਈ ਵੀ ਵੱਧ ਚਰਚਾ ’ਚ ਹੈ ਕਿ ਇੱਥੋਂ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਐਤਕੀਂ ਕਾਂਗਰਸ ਛੱਡ ਕੇ ਭਾਜਪਾ ਵੱਲੋਂ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਹਨ। ਇਸ ਮਗਰੋਂ ਕਾਂਗਰਸ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਹਾਲਾਂਕਿ ਬਿੱਟੂ ਦੇ ਭਾਜਪਾ ’ਚ ਜਾਣ ਮਗਰੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਟਿਕਟ ਦੇ ਮੁੱਖ ਦਾਅਵੇਦਾਰ ਸਨ ਪਰ ਪਾਰਟੀ ਨੇ ਰਾਜਾ ਵੜਿੰਗ ’ਤੇ ਭਰੋਸਾ ਕੀਤਾ। ਇਸ ਤੋਂ ਬਾਅਦ ਆਸ਼ੂ ਨਾਰਾਜ਼ ਚੱਲ ਰਹੇ ਸਨ। ਹਾਈਕਮਾਂਡ ਦੇ ਕਹਿਣ ’ਤੇ ਉਹ ਰਾਜਾ ਵੜਿੰਗ ਦਾ ਸਵਾਗਤ ਕਰਨ ਲਈ ਭਾਰਤ ਨਗਰ ਚੌਕ ਪੁੱਜ ਗਏ ਪਰ ਹਾਲੇ ਤੱਕ ਖੁੱਲ੍ਹ ਕੇ ਉਹ ਰਾਜਾ ਵੜਿੰਗ ਨਾਲ ਨਹੀਂ ਚੱਲੇ। ਸਾਬਕਾ ਮੰਤਰੀ ਆਸ਼ੂ ਦਾ ਅੰਦਰਖਾਤੇ ਵਿਰੋਧ ਕਾਂਗਰਸ ਨੂੰ ਭਾਰੀ ਪੈ ਸਕਦਾ ਹੈ। ਆਸ਼ੂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਮੰਨ ਰਹੇ ਤੇ ਵਿਰੋਧੀ ਪੱਖ ਇਸ ਦਾ ਫਾਇਦਾ ਚੁੱਕਣ ’ਚ ਲੱਗਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਆਸ਼ੂ ਦੀ ਨਾਰਾਜ਼ਗੀ ਉਸ ਸਮੇਂ ਹੋਰ ਵੱਧ ਗਈ, ਜਦੋਂ ਬੈਂਸ ਭਰਾਵਾਂ ਨੂੰ ਪਾਰਟੀ ’ਚ ਸ਼ਾਮਲ ਕਰ ਲਿਆ ਗਿਆ, ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਤੱਕ ਨਹੀਂ ਸੀ।
ਰਵਨੀਤ ਸਿੰਘ ਬਿੱਟੂ, ਭਾਰਤ ਭੂਸ਼ਣ ਆਸ਼ੂ ਅਤੇ ਸੰਜੇ ਤਲਵਾੜ ਦੀ ਦੋਸਤੀ ਜੱਗ ਜ਼ਾਹਰ ਸੀ ਪਰ ਬਿੱਟੂ ਦੇ ਅਚਾਨਕ ਭਾਜਪਾ ’ਚ ਜਾਣ ਮਗਰੋਂ ਬਿੱਟੂ ਖ਼ਿਲਾਫ਼ ਉਨ੍ਹਾਂ ਦੇ ਹੀ ਜਿਗਰੀ ਯਾਰ ਭਾਰਤ ਭੂਸ਼ਣ ਆਸ਼ੂ ਨੂੰ ਚੋਣ ਮੈਦਾਨ ’ਚ ਉਤਾਰਨ ਦੀ ਤਿਆਰੀ ਹੋ ਗਈ ਪਰ ਕਾਂਗਰਸ ਵਿੱਚ ਆਸ਼ੂ ਨੂੰ ਟਿਕਟ ਦੇਣ ਦਾ ਵਿਰੋਧ ਹੋਣ ਤੋਂ ਬਾਅਦ ਅਖੀਰਲੇ ਸਮੇਂ ’ਤੇ ਕਾਂਗਰਸ ਨੇ ਆਪਣੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ। ਜਿਸ ਤੋਂ ਬਾਅਦ ਆਸ਼ੂ ਨਾਰਾਜ਼ ਸਨ ਤੇ ਉਨ੍ਹਾਂ ਕੋਈ ਬਿਆਨ ਜਾਂ ਫਿਰ ਰਾਜਾ ਵੜਿੰਗ ਨੂੰ ਵਧਾਈ ਤੱਕ ਨਹੀਂ ਦਿੱਤੀ। ਸਾਬਕਾ ਮੰਤਰੀ ਆਸ਼ੂ ਦੀ ਟੀਮ ਨੇ ਵੀ ਸ਼ੋਸ਼ਲ ਮੀਡੀਆ ’ਤੇ ਰਾਜਾ ਵੜਿੰਗ ਦਾ ਵਿਰੋਧ ਕੀਤਾ ਤੇ ਫਿਰ ਹਾਈਕਮਾਂਡ ਦੇ ਕਹਿਣ ’ਤੇ ਜਦੋਂ ਰਾਜਾ ਵੜਿੰਗ ਲੁਧਿਆਣਾ ਪੁੱਜੇ ਤਾਂ ਆਸ਼ੂ ਨੇ ਸਮਰਾਲਾ ਚੌਕ ’ਚ ਸਵਾਗਤ ਕਰਨ ਦੀ ਥਾਂ ਭਾਰਤ ਨਗਰ ਚੌਕ ’ਚ ਵੱਖਰਾ ਸਵਾਗਤ ਕੀਤਾ ਤੇ ਕੁਝ ਕਿਲੋਮੀਟਰ ਰਾਜਾ ਵੜਿੰਗ ਨਾਲ ਜਾਣ ਤੋਂ ਬਾਅਦ ਉਹ ਗੱਡੀ ’ਚੋਂ ਉਤਰ ਗਏ। ਹਾਲਾਂਕਿ ਉਨ੍ਹਾਂ 2-3 ਪ੍ਰੋਗਰਾਮ ਕਰਵਾਏ, ਪਰ ਉਸ ਤੋਂ ਬਾਅਦ ਆਸ਼ੂ ਦੇ ਇਲਾਕੇ ’ਚ ਕੋਈ ਮੀਟਿੰਗ ਨਹੀਂ ਹੋਈ। ਪਾਰਕ ਪਲਾਜ਼ਾ ’ਚ ਵੀ ਸਾਬਕਾ ਵਿਧਾਇਕ ਜੱਸੀ ਖੰਗੂੜਾ ਵੱਲੋਂ ਪੱਤਰਕਾਰ ਮਿਲਣੀ ਰੱਖੀ ਗਈ ਤੇ ਆਸ਼ੂ ਦੇ ਨਾਮ ਦੀ ਪਲੇਟ ਲਾਈ ਗਈ, ਪਰ ਆਸ਼ੂ ਗਾਇਬ ਰਹੇ। ਰਾਜਾ ਵੜਿੰਗ ਨੇ ਕਾਗਜ਼ ਭਰਨ ਤੋਂ ਬਾਅਦ ਚੋਣ ਦਫ਼ਤਰ ਦਾ ਉਦਘਾਟਨ ਕੀਤਾ, ਉਥੋਂ ਵੀ ਆਸ਼ੂ ਦਾ ਗਾਇਬ ਹੋਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਵੀ ਪੁੱਜੇ ਮਨਾਉਣ
ਸਾਬਕਾ ਮੰਤਰੀ ਆਸ਼ੂ ਦੀ ਪਾਰਟੀ ਪ੍ਰਤੀ ਨਾਰਾਜ਼ਗੀ ਉਸ ਸਮੇਂ ਹੋਰ ਵੱਧ ਗਈ, ਜਦੋਂ ਬੈਂਸ ਭਰਾਵਾਂ ਨੇ ਦਿੱਲੀ ’ਚ ਜਾ ਕੇ ਰਾਹੁਲ ਗਾਧੀ ਦੀ ਅਗਵਾਈ ’ਚ ਲੋਕ ਇਨਸਾਫ਼ ਪਾਰਟੀ ਦਾ ਕਾਂਗਰਸ ’ਚ ਰਸਮੀ ਰਲੇਵਾਂ ਕਰ ਕੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ। ਆਸ਼ੂ ਇਸ ਗੱਲ ਤੋਂ ਨਾਰਾਜ਼ ਸਨ ਕਿ ਉਨ੍ਹਾਂ ਨੂੰ ਨਾ ਦੱਸਿਆ ਗਿਆ ਅਤੇ ਨਾ ਹੀ ਕੁਝ ਪੁੱਛਿਆ ਗਿਆ। ਆਸ਼ੂ ਨੂੰ ਮਨਾਉਣ ਲਈ ਕਾਂਗਰਸ ਵੱਲੋਂ ਲੁਧਿਆਣਾ ਲੋਕ ਸਭਾ ਲਈ ਅਬਜ਼ਰਵਰ ਲਾਏ ਗਏ।