ਮੁੰਬਈ, 28 ਜੂਨ
ਮਹਾਰਾਸ਼ਟਰ ਵਿੱਚ ਜਾਰੀ ਸਿਆਸੀ ਘਮਸਾਣ ਦਰਮਿਆਨ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅੱਜ ਰਾਤੀਂ ਇਥੇ ਰਾਜ ਭਵਨ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲੇ ਤੇ ‘ਫਲੋਰ ਟੈਸਟ’ ਦੀ ਮੰਗ ਕੀਤੀ। ਫੜਨਵੀਸ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਘਾੜੀ ਸਰਕਾਰ ਘੱਟਗਿਣਤੀ ਵਿੱਚ ਹੈ, ਜਿਸ ਕਰਕੇ ਉਸ ਨੂੰ ਮਹਾਰਾਸ਼ਟਰ ਅਸੈਂਬਲੀ ਵਿੱਚ ਬਹੁਮਤ ਸਾਬਤ ਕਰਨ ਦਾ ਸੱਦਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਵਿਧਾਇਕਾਂ ਦੀ ਬਗ਼ਾਵਤ ਕਰਕੇ ਪਾਰਟੀ ਦੇ ਬਹੁਗਿਣਤੀ ਵਿਧਾਇਕ ਤੇ ਮੰਤਰੀ ਪਿਛਲੇ ਇਕ ਹਫ਼ਤੇ ਤੋਂ ਗੁਹਾਟੀ ਵਿੱਚ ਡੇਰੇ ਲਾਈ ਬੈਠੇ ਹਨ। ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨਾਲ ਮੀਟਿੰਗਾਂ ਕਰਕੇ ਮੁੰਬਈ ਪਰਤੇ ਦੇਵੇਂਦਰ ਫੜਨਵੀਸ ਨੇ ਰਾਤ 10 ਵਜੇ ਦੇ ਕਰੀਬ ਰਾਜਪਾਲ ਨਾਲ ਮੁਲਾਕਾਤ ਕੀਤੀ। ਫੜਨਵੀਸ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ਦੇ ਹਵਾਲੇ ਨਾਲ ਰਾਜਪਾਲ ਨੂੰ ਇਕ ਪੱਤਰ ਸੌਂਪਿਆ ਹੈ। ਪੱਤਰ ਵਿੱਚ ਅਪੀਲ ਕੀਤੀ ਗਈ ਹੈ ਕਿ ਸੂਬਾ ਸਰਕਾਰ ਨੂੰ ਅਸੈਂਬਲੀ ਵਿੱਚ ਬਹੁਮੱਤ ਸਾਬਤ ਕਰਨ ਲਈ ਕਿਹਾ ਜਾਵੇ।’’
ਇਸ ਤੋਂ ਪਹਿਲਾਂ ਅੱਜ ਦਿਨੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨਾਲ ਮੁਲਾਕਾਤ ਕਰਕੇ ਭਵਿੱਖੀ ਰਣਨੀਤੀ ਤੇ ਕਾਨੂੰਨੀ ਪੇਸ਼ਬੰਦੀਆਂ ਬਾਰੇ ਚਰਚਾ ਕੀਤੀ। ਸ਼ਾਹ ਨਾਲ ਮੁਲਾਕਾਤ ਮੌਕੇ ਭਾਜਪਾ ਦੇ ਸੰਸਦ ਮੈਂਬਰ ਤੇ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਵੀ ਮੌਜੂਦ ਸਨ। ਸੂਤਰਾਂ ਮੁਤਾਬਕ ਇਸ ਮੌਕੇ ਮਹਾਰਾਸ਼ਟਰ ਵਿੱਚ ਬਾਗ਼ੀ ਵਿਧਾਇਕਾਂ ਦੀ ਮਦਦ ਨਾਲ ਮੁੜ ਸੱਤਾ ਹਾਸਲ ਕਰਨ ਨੂੰ ਲੈ ਕੇ ਸਾਰੇ ਕਾਨੂੰਨੀ ਨੁਕਤਿਆਂ ’ਤੇ ਚਰਚਾ ਕੀਤੀ ਗਈ। ਸ਼ਾਹ ਨਾਲ ਮੀਟਿੰਗ ਉਪਰੰਤ ਫੜਨਵੀਸ ਪਾਰਟੀ ਦੇ ਕੌਮੀ ਪ੍ਰਧਾਨ ਨੱਢਾ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ ਅਤੇ ਮਹਾਰਾਸ਼ਟਰ ਦੇ ਮੌਜੂਦਾ ਸਿਆਸੀ ਹਾਲਾਤ ਬਾਰੇ ਦੱਸਿਆ। ਭਾਜਪਾ ਭਾਵੇਂ ਸ਼ਿਵ ਸੈਨਾ ਵਿਧਾਇਕਾਂ ਦੀ ਬਗ਼ਾਵਤ ਪਿੱਛੇ ਆਪਣੀ ਕਿਸੇ ਤਰ੍ਹਾਂ ਦੀ ਭੂਮਿਕਾ ਹੋਣ ਤੋਂ ਇਨਕਾਰ ਕਰਦੀ ਆਈ ਹੈ, ਪਰ ਸੈਨਾ ਬਾਗ਼ੀਆਂ ਦੀ ਹਮਾਇਤ ਨਾਲ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਕੀਤੀ ਜਾ ਰਹੀ ਕਵਾਇਦ ਵਿੱਚ ਫੜਨਵੀਸ ਦੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ। -ਪੀਟੀਆਈ
ਊਧਵ ਨੇ ਬਾਗ਼ੀਆਂ ਨੂੰ ਗੱਲਬਾਤ ਦੀ ਕੀਤੀ ਅਪੀਲ
ਮੁੰਬਈ: ਨੌਂ ਬਾਗ਼ੀ ਸ਼ਿਵ ਸੈਨਾ ਮੰਤਰੀਆਂ ਤੋਂ ਉਨ੍ਹਾਂ ਦੇ ਮਹਿਕਮੇ ਖੋਹਣ ਤੇ ਸੁਪਰੀਮ ਕੋਰਟ ਵੱਲੋਂ ਬਾਗ਼ੀ ਵਿਧਾਇਕਾਂ ਨੂੰ ਦਿੱਤੀ ਰਾਹਤ ਤੋਂ ਇਕ ਦਿਨ ਮਗਰੋਂ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਅੱਜ ਮੁੜ ਸੁਲ੍ਹਾ-ਸਫ਼ਾਈ ਦੇ ਰਾਹ ਪੈਂਦਿਆਂ ਗੁਹਾਟੀ ਵਿੱਚ ਡੇਰੇ ਲਾਈ ਬੈਠੇ ਬਾਗ਼ੀ ਪਾਰਟੀ ਵਿਧਾਇਕਾਂ ਨੂੰ ਵਾਪਸ ਮੁੰਬਈ ਆਉਣ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਊਧਵ ਠਾਕਰੇ ਨੇ ਅੱਜ ਕੈਬਨਿਟ ਮੀਟਿੰਗ ਕੀਤੀ। ਮੀਟਿੰਗ ’ਚ ਸ਼ਾਮਲ ਗ੍ਰਹਿ ਮੰਤਰੀ ਤੇ ਐੱਨਸੀਪੀ ਆਗੂ ਦਿਲੀਪ ਵਾਲਸੇ ਪਾਟਿਲ ਨੇ ਕਿਹਾ ਕਿ ਇਸ ਮੌਕੇ ਕਿਸੇ ਸਿਆਸੀ ਮੁੱਦੇ ’ਤੇ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਭਲਕੇ ਇਕ ਹੋਰ ਕੈਬਨਿਟ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਬਕਾਇਆ ਮੁੱਦਿਆਂ ’ਤੇ ਚਰਚਾ ਹੋਵੇਗੀ। ਬਾਗ਼ੀ ਵਿਧਾਇਕਾਂ ਤੋਂ ਮਹਿਕਮੇ ਵਾਪਸ ਲੈਣ ਮਗਰੋਂ ਇਹ ਪਲੇਠੀ ਕੈਬਨਿਟ ਮੀਟਿੰਗ ਸੀ। ਠਾਕਰੇ ਦੇ ਇਕ ਨਜ਼ਦੀਕੀ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ‘‘ਅਜੇ ਵੀ ਬਹੁਤੀ ਦੇਰ ਨਹੀਂ ਹੋਈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਮੁੜ ਆਓ ਤੇ ਮੇਰੇ ਨਾਲ ਬੈਠ ਕੇ ਗੱਲਬਾਤ ਕਰੋ, ਤਾਂ ਕਿ ਸ਼ਿਵ ਸੈਨਿਕਾਂ ਤੇ ਆਮ ਲੋਕਾਂ ਵਿੱਚ (ਤੁਹਾਡੀਆਂ ਕਾਰਵਾਈਆਂ ਕਰਕੇ) ਬਣੇ ਭੰਬਲਭੂਸੇ ਨੂੰ ਦੂਰ ਕੀਤਾ ਜਾ ਸਕੇ। ਠਾਕਰੇ ਨੇ ਕਿਹਾ, ‘‘ਜੇਕਰ ਤੁਸੀਂ ਮੁੜਦੇ ਹੋ ਅਤੇ ਮੇਰੇ ਨਾਲ ਬੈਠ ਕੇ ਗੱਲਬਾਤ ਕਰਦੇ ਹੋ, ਕੋਈ ਨਾ ਕੋਈ ਰਾਹ ਲੱਭਿਆ ਜਾ ਸਕਦਾ ਹੈ। ਪਾਰਟੀ ਪ੍ਰਧਾਨ ਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ, ਮੈਨੂੰ ਅਜੇ ਵੀ ਤੁਹਾਡਾ ਫ਼ਿਕਰ ਹੈ।’’