ਨਵੀਂ ਦਿੱਲੀ, 16 ਮਈ
ਸਰਕਾਰ ਨੇ ਪਵਨ ਹੰਸ ਲਿਮਿਟਡ ਲਈ ਬੋਲੀ ਲਾਉਣ ਵਾਲੇ ਸਭ ਤੋਂ ਵੱਡੇ ਹਿੱਸਾਧਾਰਕ ਅਲਮਸ ਗਲੋਬਲ ਖ਼ਿਲਾਫ਼ ਜਾਰੀ ਐੱਨਸੀਐੱਲਟੀ ਦੇ ਹੁਕਮਾਂ ਨੂੰ ਦੇਖਦਿਆਂ ਇਸ ਵਿਕਰੀ ਸੌਦੇ ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੌਮੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨਸੀਐੱਲਟੀ) ਦੇ ਹੁਕਮਾਂ ਦੀ ਕਾਨੂੰਨੀ ਸਮੀਖਿਆ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ, ‘ਅਸੀਂ ਅੱਗੇ ਵਧਣ ਤੋਂ ਪਹਿਲਾਂ ਐੱਲਸੀਐੱਲਟੀ ਦੇ ਹੁਕਮਾਂ ਦੀ ਕਾਨੂੰਨੀ ਸਮੀਖਿਆ ਕਰ ਰਹੇ ਹਾਂ। ਸੌਦਾ ਪੂਰਾ ਹੋਣ ਦਾ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ।’ ਪਵਨ ਹੰਸ ਲਈ ਸ਼ੁਰੂ ਕੀਤੀ ਗਈ ਬੋਲੀ ਪ੍ਰਕਿਰਿਆ ’ਚ ਪਿਛਲੇ ਮਹੀਨੇ ਮੈਸਰਜ਼ ਸਟਾਰ9 ਮੋਬਿਲਿਟੀ ਪ੍ਰਾਈਵੇਟ ਲਿਮਿਟਡ ਨੂੰ ਸਫ਼ਲ ਬੋਲੀਕਾਰ ਚੁਣਿਆ ਗਿਆ ਸੀ। ਇਸ ਗੱਠਜੋੜ ’ਚ ਮੈਸਰਜ਼ ਬਿੱਗ ਚਾਰਟਰ ਪ੍ਰਾਈਵੇਟ ਲਿਮਿਟਡ, ਮੈਸਰਜ਼ ਮਹਾਰਾਜਾ ਏਵੀਏਸ਼ਨ ਪਾਈਵੇਟ ਲਿਮਿਟਡ ਤੇ ਅਲਸਮ ਗਲੋਬਲ ਆਪਰਚਿਊਨਿਟੀ ਫੰਡ ਸ਼ਾਮਲ ਹਨ। ਸਟਾਰ9 ਮੋਬਿਲਿਟੀ ਨੇ ਪਵਨ ਹੰਸ ਦੀ ਖਰੀਦ ਲਈ 211.14 ਕਰੋੜ ਰੁਪਏ ਦੀ ਬੋਲੀ ਲਾਈ ਸੀ ਜੋ 199.92 ਕਰੋੜ ਰੁਪਏ ਦੀ ਰਾਖਵੀਂ ਕੀਮਤ ਤੋਂ ਥੋੜ੍ਹੀ ਵੱਧ ਹੈ। ਇਸ ਗੱਠਜੋੜ ’ਚ ਸ਼ਾਮਲ ਅਲਮਸ ਗਲੋਬਲ ਖ਼ਿਲਾਫ਼ ਐੱਨਸੀਐੱਲਟੀ ਨੇ ਪਿਛਲੇ ਮਹੀਨੇ ਇੱਕ ਹੁਕਮ ਪਾਸ ਕੀਤਾ ਸੀ। -ਪੀਟੀਆਈ