ਨਵੀਂ ਦਿੱਲੀ: ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਅੱਜ ਦੱਸਿਆ ਕਿ ਸੂਚੀਬੱਧ ਕੌਮਾਂਤਰੀ ਯਾਤਰੀ ਉਡਾਣਾਂ ਉਤੇ ਰੋਕ ‘ਅਗਲੇ ਹੁਕਮਾਂ ਤੱਕ’ ਲਾਗੂ ਰਹੇਗੀ। ਜ਼ਿਕਰਯੋਗ ਹੈ ਕਿ 19 ਜਨਵਰੀ ਨੂੰ ਰੋਕ 28 ਫਰਵਰੀ ਤੱਕ ਵਧਾਈ ਗਈ ਸੀ। ਕਰੋਨਾਵਾਇਰਸ ਦੇ ਮੱਦੇਨਜ਼ਰ ਭਾਰਤ ਵਿਚ ਨਿਰਧਾਰਤ ਤੇ ਸੂਚੀਬੱਧ ਉਡਾਣਾਂ ਉਤੇ ਰੋਕ 23 ਮਾਰਚ, 2020 ਨੂੰ ਲਾਈ ਗਈ ਸੀ। ਹਾਲਾਂਕਿ ਵਿਸ਼ੇਸ਼ ਯਾਤਾਰੀ ਉਡਾਣਾਂ ਭਾਰਤ ਤੇ 45 ਮੁਲਕਾਂ ਵਿਚਾਲੇ ਜੁਲਾਈ 2020 ਤੋਂ ਚੱਲ ਰਹੀਆਂ ਹਨ। ਇਨ੍ਹਾਂ ਲਈ ‘ਏਅਰ ਬੱਬਲ’ ਬਣਾਇਆ ਗਿਆ ਸੀ। ਸੋਮਵਾਰ ਜਾਰੀ ਇਕ ਸਰਕੁਲਰ ਵਿਚ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਹ ਰੋਕ ਭਾਰਤ ਤੋਂ ਜਾਣ ਅਤੇ ਇੱਥੇ ਆਉਣ ਵਾਲੀਆਂ ਉਡਾਣਾਂ ਉਤੇ ਜਾਰੀ ਰਹੇਗੀ। ਹਾਲਾਂਕਿ ਸਾਮਾਨ ਦੀ ਢੋਆ-ਢੁਆਈ ਵਾਲੀਆਂ ਕਾਰਗੋ ਉਡਾਣਾਂ ਉਤੇ ਪਾਬੰਦੀ ਨਹੀਂ ਹੋਵੇਗੀ। -ਪੀਟੀਆਈ