ਨਵੀਂ ਦਿੱਲੀ, 27 ਅਪਰੈਲ
ਮੁੱਖ ਅੰਸ਼
- ਸਕੀਮ ਤਹਿਤ ਕਰਜ਼ਾ ਦੇਣ ਲਈ ਰੱਖੀ ਰਾਸ਼ੀ ਵਧਾਈ ਗਈ
- ਕਿਫਾਇਤੀ ਦਰਾਂ ’ਤੇ ਬਿਨਾਂ ਗਾਰੰਟੀ ਦਿੱਤਾ ਜਾ ਰਿਹੈ ਕਰਜ਼ਾ
ਕੇਂਦਰੀ ਕੈਬਨਿਟ ਕਮੇਟੀ ਨੇ ਅੱਜ ‘ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ’ ਸਕੀਮ ਨੂੰ ਦਸੰਬਰ 2024 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਇਸ ਸਕੀਮ ਨੂੰ ਜਾਰੀ ਰੱਖਣ ਨੂੰ ਮਨਜ਼ੂਰੀ ਦਿੱਤੀ ਹੈ। ਸਕੀਮ ਤਹਿਤ ਰੇਹੜੀ-ਫੜ੍ਹੀ ਲਾਉਣ ਵਾਲਿਆਂ ਨੂੰ ਬਿਨਾਂ ਗਾਰੰਟੀ ਕਿਫਾਇਤੀ ਦਰਾਂ ਉਤੇ ਕਰਜ਼ਾ ਦਿੱਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਸਰਕਾਰ ਨੇ 5000 ਕਰੋੜ ਰੁਪਏ ਰੱਖੇ ਸਨ। ਜਦਕਿ ਹੁਣ ਕਰਜ਼ੇ ਲਈ ਰਾਸ਼ੀ ਵਧਾ ਕੇ 8100 ਕਰੋੜ ਰੁਪਏ ਕਰ ਦਿੱਤੀ ਗਈ ਹੈ। ਡਿਜੀਟਲ ਅਦਾਇਗੀ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਬਜਟ, ਜਿਸ ਤਹਿਤ ਵੈਂਡਰ ਨੂੰ ਕੈਸ਼ਬੈਕ ਦਿੱਤਾ ਜਾਂਦਾ ਹੈ, ਵੀ ਵਧਾ ਦਿੱਤਾ ਗਿਆ ਹੈ। ਇਸ ਫ਼ੈਸਲੇ ਨਾਲ ਸ਼ਹਿਰੀ ਖੇਤਰ ਵਿਚ 1.2 ਕਰੋੜ ਲੋਕਾਂ ਨੂੰ ਲਾਭ ਮਿਲੇਗਾ। ਇਸ ਸਕੀਮ ਤਹਿਤ 25 ਅਪਰੈਲ ਤੱਕ 31.9 ਲੱਖ ਲੋਨ ਦਿੱਤੇ ਜਾ ਚੁੱਕੇ ਹਨ। -ਪੀਟੀਆਈ
ਨਕਸਲ ਪ੍ਰਭਾਵਿਤ ਖੇਤਰਾਂ ’ਚ ਇੰਟਰਨੈੱਟ ਹੋਵੇਗਾ ਅਪਗ੍ਰੇਡ
ਕੇਂਦਰੀ ਕੈਬਨਿਟ ਨੇ ਨਕਸਲ ਪ੍ਰਭਾਵਿਤ ਖੇਤਰਾਂ ਵਿਚ ਮੋਬਾਈਲ ਸੰਪਰਕ ਬਿਹਤਰ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਖੇਤਰਾਂ ਵਿਚ ਇੰਟਰਨੈੱਟ ਪਹੁੰਚ ਬਿਹਤਰ ਕਰਨ ਲਈ 2ਜੀ ਮੋਬਾਈਲ ਸਾਈਟਾਂ ਨੂੰ 4ਜੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ‘ਸਟ੍ਰੀਟ ਵੈਂਡਰ ਸਕੀਮ’ ਬਾਰੇ ਕੈਬਨਿਟ ਵੱਲੋਂ ਲਏ ਫੈਸਲੇ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ