ਸੁਰਜੀਤ ਮਜਾਰੀ
ਨਵਾਂ ਸ਼ਹਿਰ, 12 ਮਈ
ਪੰਜਾਬ ਅੰਦਰ ਪੰਜ ਧਿਰੀ ਮੁਕਾਬਲੇ ਦੌਰਾਨ ਬਸਪਾ ਖੇਮੇ ਦੇ ਹੌਸਲੇ ਵੀ ਬੁਲੰਦ ਨਜ਼ਰ ਆ ਰਹੇ ਹਨ। ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਇਕਲੌਤੇ ਵਿਧਾਇਕ ਨਛੱਤਰ ਪਾਲ ਨੇ ਅੱਜ ਇੱਥੇ ਪਾਰਟੀ ਵਰਕਰਾਂ ਨੂੰ ਬੂਥ ਪੱਧਰ ’ਤੇ ਮੋਰਚੇ ਸੰਭਾਲਣ ਦਾ ਹੋਕਾ ਦਿੱਤਾ। ਦੋਵਾਂ ਆਗੂਆਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ‘ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ’ ਦੇ ਅੰਦੋਲਨ ਰਾਹੀਂ ਲੋਕ ਭਲਾਈ ਦੀ ਆਵਾਜ਼ ਬੁਲੰਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਤਾਂ ਹੁਣ ਤੱਕ ਆਪਣੇ ਘਰ ਹੀ ਭਰੇ ਹਨ ਜਦ ਕਿ ਬਸਪਾ ਨੇ ਲੋਕਾਂ ਦੇ ਮੁੱਦਿਆਂ ’ਤੇ ਸੰਘਰਸ਼ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਸਪਾ ਇਸ ਵਾਰ ਪੰਜਾਬ ’ਚੋਂ ਆਪਣੇ ਹਿੱਸੇ ਦੇ ਨੁਮਾਇੰਦੇ ਨੂੰ ਦਿੱਲੀ ਭੇਜੇਗੀ। ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਉਮੀਦਵਾਰ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਲਈ ਇੱਥੇ ਪੁੱਜੇ। ਦੋਹਾਂ ਆਗੂਆਂ ਨੇ ਦੱਸਿਆ ਕਿ 24 ਮਈ ਨੂੰ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਵੀ ਨਵਾਂ ਸ਼ਹਿਰ ਆ ਕੇ ਚੋਣ ਰੈਲੀ ਨੂੰ ਸੰਬੋਧਨ ਕਰੇਗੀ।
ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਬਸਪਾ ਜ਼ਮੀਰ ਤੇ ਜ਼ਮੀਨ ਨਾਲ ਜੁੜੀ ਪਾਰਟੀ ਹੈ ਜਿਸ ਨੇ ਸੂਬੇ ਦੀ ਸਿਆਸਤ ਨੂੰ ਨਾਮਵਰ ਆਗੂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਿਰ ’ਤੇ ਨਾਮ ਬਣਾ ਕੇ ਦਗ਼ਾ ਦੇਣ ਵਾਲੇ ਆਗੂਆਂ ਦਾ ਭਵਿੱਖ ਕਦੇ ਵੀ ਸੁਰੱਖਿਅਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅੱਜ ਦੂਜੀਆਂ ਪਾਰਟੀਆਂ ’ਚ ਜਾ ਕੇ ਉਨ੍ਹਾਂ ਦਾ ਗੁਣਗਾਨ ਕਰਨ ਵਾਲੇ ਆਗੂਆਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਹੈ।