ਜੰਮੂ, 4 ਸਤੰਬਰ
ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਉਹ ਆਪਣੇ ਆਖਰੀ ਸਾਹਾਂ ਤੰਕ ਜੰਮੂ ਕਸ਼ਮੀਰ ਦੇ ਲੋਕਾਂ ਲਈ ਨਿਆਂ ਯਕੀਨੀ ਬਣਾਉਣ ਦੀ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਖ਼ੁਸ਼ਹਾਲੀ ਤੇ ਵਿਕਾਸ ਲਈ ‘ਨਫ਼ਰਤ ਦੀਆਂ ਕੰਧਾਂ’ ਡੇਗਣ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ। ਆਜ਼ਾਦ ਨੇ ਆਪਣੀ ਨਵੀਂ ਪਾਰਟੀ ਦੇ ਏਜੰਡੇ ਦੀ ਗੱਲ ਕਰਦਿਆਂ ਜੰਮੂ ਕਸ਼ਮੀਰ ਰਾਜ ਦੇ ਦਰਜੇ ਦੀ ਬਹਾਲੀ ਨੂੰ ਸਿਖਰਲੀ ਤਰਜੀਹ ਦੱਸਿਆ। ਆਜ਼ਾਦ ਨੇ ‘ਅਪਨੀ ਪਾਰਟੀ’ ਦੇ ਪ੍ਰਧਾਨ ਅਲਤਾਫ਼ ਬੁਖਾਰੀ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਖਾਰਜ ਕਰ ਦਿੱਤਾ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਲਈ ਸੰਸਦ ਵਿੱਚ ਹੋਈ ਵੋਟਿੰਗ ਦੌਰਾਨ ਉਨ੍ਹਾਂ ਮਤੇ ਦੇ ਹੱਕ ਵਿੱਚ ਵੋਟ ਪਾਈ ਸੀ। ਆਜ਼ਾਦ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਪਿਛਲੇ ਮਹੀਨੇ ਅਸਤੀਫ਼ਾ ਦੇਣ ਮਗਰੋਂ ਅੱਜ ਜੰਮੂ ਦੇ ਬਾਹਰਵਾਰ ਸੈਨਿਕ ਕਲੋਨੀ ਵਿੱਚ ਪਲੇਠੀ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਆਜ਼ਾਦ ਨੇ ਕਿਹਾ ਕਿ ਉਹ ਲੋਕਾਂ ਤੇ ਜੰਮੂ-ਕਸ਼ਮੀਰ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਮਗਰੋਂ ਹੀ ਆਪਣੀ ਨਵੀਂ ਪਾਰਟੀ ਦੇ ਨਾਂ ਦਾ ਐਲਾਨ ਕਰਨਗੇ। ਇਕ ਘੰਟਾ ਲੰਮੀ ਤਕਰੀਰ ਦੌਰਾਨ ਆਜ਼ਾਦ ਨੇ ਕਿਹਾ, ‘‘ਸਾਨੂੰ ਇਕ ਦੂਜੇ ਦੀ ਹਮਾਇਤ ਦੀ ਲੋੜ ਹੈ। ਨਫ਼ਰਤ ਦੀ ਰੇਤ ਦੀਆਂ ਕੰਧਾਂ ਨੂੰ ਢਾਹੁਣ ਅਤੇ ਖੁਸ਼ਹਾਲੀ ਤੇ ਵਿਕਾਸ ਦੇ ਰਾਹ ਵੱਲ ਅੱਗੇ ਵਧਣ ਲਈ ਸਾਨੂੰ ਇਕਜੁੱਟ ਹੋਣਾ ਹੋਵੇਗਾ।’’ ਆਜ਼ਾਦ ਨੇ ਕਿਹਾ ਕਿ ਬਹੁਗਿਣਤੀ ਕਾਂਗਰਸੀ ਆਗੂ ਉਨ੍ਹਾਂ ਦੀ ਹਮਾਇਤ ਵਿੱਚ ਸਵੈ-ਇੱਛਾ ਨਾਲ ਪਾਰਟੀ ਛੱਡ ਚੁੱਕੇ ਹਨ। ਆਜ਼ਾਦ ਨੇ ਕਿਹਾ, ‘‘ਇਹ ਸਾਰੇ ਆਗੂ ਜਿਹੜੇ ਇਸ ਮੰਚ ’ਤੇ ਮੌਜੂਦ ਹਨ, ਨੇ ਆਪੋ-ਆਪਣੇ ਅਸਤੀਫ਼ੇ ਪਾਰਟੀ ਨੂੰ ਭੇਜਣ ਤੋਂ ਪਹਿਲਾਂ ਮੈਨੂੰ ਨਹੀਂ ਪੁੱਛਿਆ। ਉਨ੍ਹਾਂ ਪਹਿਲਾਂ ਅਸਤੀਫ਼ੇ ਭੇਜੇ ਤੇ ਫਿਰ ਮੈਨੂੰ ਦੱਸਿਆ।’’ ਉਨ੍ਹਾਂ ਕਿਹਾ, ‘‘95 ਫੀਸਦ ਕਾਂਗਰਸੀ ਮੰਤਰੀ, 95 ਫੀਸਦ ਵਿਧਾਇਕ, 99 ਫੀਸਦ ਜ਼ਿਲ੍ਹਾ ਤੇ ਬਲਾਕ ਵਿਕਾਸ ਪ੍ਰੀਸ਼ਦ ਮੈਂਬਰ ਜੰਮੂ ਕਸ਼ਮੀਰ ਦੇ ਹਰ ਕੋਨੇ ’ਚੋਂ ਇਥੇ ਮੌਜੂਦ ਹਨ। ਆਜ਼ਾਦ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ, ਵੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।’’ ਰੈਲੀ ਵਿੱਚ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀ ਜੀ.ਐੱਮ.ਸਰੂਰੀ, ਪੀਰਜ਼ਾਦਾ ਮੁਹੰਮਦ ਸਈਦ, ਤਾਜ ਮੋਹੀਉਦਦੀਨ, ਆਰ.ਐੱਸ.ਚਿੱਬ, ਅਬਦੁਲ ਮਜੀਦ ਵਾਨੀ, ਮਨੋਹਰ ਲਾਲ ਸ਼ਰਮਾ ਤੇ ਘਾਰੂ ਸ਼ਰਮਾ, ਸਾਬਕਾ ਵਿਧਾਇਕ ਬਲਵਾਨ ਸਿੰਘ, ਮੁਹੰਮਦ ਅਮੀਨ ਭੱਟ ਤੇ ਜੁਗਲ ਕਿਸ਼ੋਰ ਮੌਜੂਦ ਸਨ। -ਪੀਟੀਆਈ
ਕਾਂਗਰਸੀ ਆਗੂਆਂ ਨੂੰ ਘੇਰਿਆ
ਆਜ਼ਾਦ ਨੇ ਕਾਂਗਰਸ ਆਗੂਆਂ ’ਤੇ ਸੋਸ਼ਲ ਮੀਡੀਆ ਜ਼ਰੀਏ ‘ਝੂਠ ਦੇ ਪਸਾਰੇ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਨ੍ਹਾਂ ਆਗੂਆਂ ਵਾਂਗ ਨਹੀਂ ਹਨ। ਉਨ੍ਹਾਂ ਪੂਰੇ ਪੰਜ ਦਹਾਕਿਆਂ ਤੱਕ ਪਾਰਟੀ ਨੂੰ ਆਪਣਾ ਖੂਨ-ਪਸੀਨਾ ਦਿੱਤਾ। ਆਜ਼ਾਦ ਨੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਦੀ ਤਾਰੀਫ਼ ਕੀਤੀ। ਆਜ਼ਾਦ ਨੇ ਕਿਹਾ, ‘‘ਜਿਹੜੇ ਲੋਕ ਮੈਨੂੰ ਬਦਨਾਮ ਕਰਨਾ ਚਾਹੁੰਦੇ ਹਨ, ਉਹ ਸ਼ਾਇਦ ਟਵਿੱਟਰ ਜਾਂ ਕੰਪਿਊਟਰ ਜ਼ਰੀਏ ਇਥੋਂ ਤੱਕ ਪਹੁੰਚੇ ਹਨ, ਉਹ ਐੱਸਐੱਮਐੱਸ ਜ਼ਰੀਏ ਝੂਠ ਦਾ ਪ੍ਰਚਾਰ ਪਾਸਾਰ ਕਰਦੇ ਰਹੇ ਹਨ, ਇਹੀ ਵਜ੍ਹਾ ਹੈ ਕਿ ਕਾਂਗਰਸ ਦਾ ਅੱਜ ਜ਼ਮੀਨੀ ਪੱਧਰ ’ਤੇ ਸਫਾਇਆ ਹੋ ਗਿਆ ਹੈ। -ਪੀਟੀਆਈ
ਤੱਥ ਤੋੜ-ਮਰੋੜ ਕੇ ਪੇਸ਼ ਕਰ ਰਹੇ ਨੇ ਆਜ਼ਾਦ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਗੁਲਾਮ ਨਬੀ ਆਜ਼ਾਦ ’ਤੇ ਆਪਣੇ ‘ਸਿਆਸੀ ਆਕਾਵਾਂ’ ਦੇ ਕਹਿਣ ’ਤੇ ਕੰਮ ਕਰਨ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਆਜ਼ਾਦ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਇਤਿਹਾਸ ਨੂੰ ਤੋੜ-ਮਰੋੜ ਦੇ ਪੇਸ਼ ਕਰਨ ਦੀਆਂ ਮੁੜ ਕੋਸ਼ਿਸ਼ਾਂ ਕਰ ਰਹੇ ਹਨ। -ਪੀਟੀਆਈ