ਨਵੀਂ ਦਿੱਲੀ: ਕਾਂਗਰਸ ਨੇ ਅੱਜ ਖਾਦਾਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਲਈ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ’ਤੇ 20,000 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਪਾਰਟੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਖਾਦਾਂ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਤੇ ਖੇਤੀਬਾੜੀ ’ਤੇ ਸਬਸਿਡੀ ਤੇ ਕਿਸਾਨਾਂ ਦੀ ਆਮਦਨ ਘਟਾ ਦਿੱਤੀ ਹੈ। ਉਨ੍ਹਾਂ ਡੀਜ਼ਲ ਤੇ ਖਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਸਬੰਧੀ ਇੱਕ ਰਿਪੋਰਟ ਸਾਂਝੀ ਕਰਦਿਆਂ ਕਿਹਾ,‘ਮੋਦੀ ਸਰਕਾਰ ਨੇ ਕੀ ਵਧਾਇਆ? ਜੀਐੱਸਟੀ ਤੇ ਪੈਟਰੋਲ, ਡੀਜ਼ਲ ਤੇ ਖਾਦਾਂ ਦੀਆਂ ਕੀਮਤਾਂ; ਮੋਦੀ ਦੇ ਦੋਸਤਾਂ ਦੀ ਆਮਦਨ, ਮਹਾਮਾਰੀ ਦੌਰਾਨ ਵੀ ‘ਅੰਨਦਾਤਾ’ ਉੱਤੇ ਅੱਤਿਆਚਾਰ।’ ਇਸ ਨੇ ਕੀ ਘਟਾਇਆ? ਖੇਤੀਬਾੜੀ ’ਤੇ ਸਬਸਿਡੀ, ਕਿਸਾਨ ਦੀ ਆਮਦਨ ਤੇ ਕੇਂਦਰ ਸਰਕਾਰ ਦਾ ਮਾਣ-ਸਨਮਾਨ।’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਦੀ ਮਾਨਸਿਕਤਾ ਕਿਸਾਨ ਵਿਰੋਧੀ ਹੈ ਤੇ ਇਸ ਵੱਲੋਂ ਖੇਤੀਬਾੜੀ ਸਬੰਧੀ ਸਾਮਾਨ ਦੀਆਂ ਕੀਮਤਾਂ ਵਧਾ ਕੇ ਕਿਸਾਨਾਂ ਨੂੰ ਲੁੱਟਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਮੁਜ਼ਾਹਰੇ ਕਰਨ ਕਰਕੇ ਸਜ਼ਾ ਦੇਣੀ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਖੇਤੀਬਾੜੀ ਨੂੰ ‘ਕਾਰਪੋਰੇਟ ਦੋਸਤਾਂ’ ਨੂੰ ਸੌਂਪਣਾ ਚਾਹੁੰਦੀ ਹੈ। ਉਨ੍ਹਾਂ ਕਿਹਾ,‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਖੇਤੀਬਾੜੀ ਨੂੰ ਤਬਾਹ ਕਰਨ ਲਈ ਜੁੱਟ ਗਏ ਹਨ ਤੇ ਕਿਸਾਨਾਂ ਦੇ ਦੁਸ਼ਮਣ ਸਾਬਤ ਹੋ ਰਹੇ ਹਨ। ਇੰਜ ਲੱਗਦਾ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਮੋਦੀ 62 ਕਰੋੜ ਕਿਸਾਨਾਂ ਤੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਲਈ ਸਾਜ਼ਿਸ਼ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਰਕਾਰ ਤੁਰੰਤ ਖਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਵਾਪਸ ਲਵੇ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੇ ਹੁਣ ਭਾਜਪਾ ਦਾ ਅਸਲੀ ਚਿਹਰਾ ਵੇਖ ਲਿਆ ਹੈ ਤੇ ਉਹ ਅਗਲੀਆਂ ਚੋਣਾਂ ਵਿੱਚ ਪਾਰਟੀ ਨੂੰ ਸਬਕ ਸਿਖਾਉਣਗੇ। -ਪੀਟੀਆਈ
ਕੋਵਿਡ- 19 ਕਾਰਨ ਮੌਤਾਂ ਦੀ ਗਿਣਤੀ ਵਧ ਰਹੀ ਹੈ ਪਰ ਵੈਕਸੀਨ ਘਟ ਰਹੀ ਹੈ: ਰਾਹੁਲ
ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਧਿਆਨ ਭਟਕਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੋਵਿਡ- 19 ਕਾਰਨ ਜਿੱਥੇ ਮੌਤਾਂ ਦੀ ਗਿਣਤੀ ਵਧ ਰਹੀ ਹੈ, ਉੱਥੇ ਵੈਕਸੀਨ ਘਟ ਰਹੀ ਹੈ। ਉਨ੍ਹਾਂ ਕੋਵਿਡ- 19 ਟੀਕਾਕਰਨ ’ਚ ਕਮੀ ਤੇ ਕਰੋਨਾਵਾਇਰਸ ਕਾਰਨ ਰੋਜ਼ਾਨਾ ਮੌਤਾਂ ਦੀ ਗਿਣਤੀ ਵਿੱਚ ਵਾਧੇ ਸਬੰਧੀ ਇੱਕ ਗਰਾਫ ਵੀ ਸਾਂਝਾ ਕੀਤਾ। ਉਨ੍ਹਾਂ ਹਿੰਦੀ ਵਿੱਚ ਟਵੀਟ ਕਰਦਿਆਂ ਦੋਸ਼ ਲਾਇਆ,‘ਕੇਂਦਰ ਸਰਕਾਰ ਦੀ ਨੀਤੀ ਹੈ- ਧਿਆਨ ਭਟਕਾਓ, ਝੂਠ ਫੈਲਾਓ, ਤੱਥ ਛੁਪਾ ਕੇ ਰੌਲਾ ਪਾਓ।’ -ਪੀਟੀਆਈ