ਨਵੀਂ ਦਿੱਲੀ, 2 ਜਨਵਰੀ
ਭਾਰਤ ’ਚ ਕਰੋਨਾਵਾਇਰਸ ਅਤੇ ਇਸ ਦੇ ਨਵੇਂ ਸਰੂਪ ਓਮੀਕਰੋਨ ਦੇ ਲਗਾਤਾਰ ਵਧਦੇ ਕੇਸਾਂ ਨੂੰ ਦੇਖਦਿਆਂ ਰਾਜਾਂ ਦੀਆਂ ਸਰਕਾਰਾਂ ਚੌਕਸ ਹੋ ਗਈਆਂ ਹਨ। ਪੱਛਮੀ ਬੰਗਾਲ ਨੇ ਜਿੱਥੇ ਸਕੂਲ ਕਾਲਜ ਬੰਦ ਕਰਨ ਸਮੇਤ ਹੋਰ ਪਾਬੰਦੀਆਂ ਆਇਦ ਕਰ ਦਿੱਤੀਆਂ ਹਨ ਉੱਥੇ ਹੀ ਕਰਨਾਟਕ ਸਰਕਾਰ ਵੱਲੋਂ ਰਾਤ ਦਾ ਕਰਫਿਊ ਲਾਉਣ ਮਗਰੋਂ ਹੋਰ ਸਖਤ ਪਾਬੰਦੀਆਂ ਲਾਉਣ ਵਾਲੇ ਵਿਚਾਰ ਕੀਤਾ ਜਾ ਰਿਹਾ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਓਮੀਕਰੋਨ ਦੇ ਹੁਣ ਤੱਕ 1525 ਕੇਸ ਸਾਹਮਣੇ ਆਏ ਹਨ। ਮੰਤਰਾਲੇ ਨੇ ਦੱਸਿਆ ਕਿ 23 ਰਾਜਾਂ ਤੇ ਯੂਟੀਜ਼ ’ਚੋਂ ਸਾਹਮਣੇ ਆਏ ਇਨ੍ਹਾਂ ਕੇਸਾਂ ’ਚੋਂ 560 ਲੋਕ ਜਾਂ ਤਾਂ ਸਿਹਤਮੰਦ ਹੋ ਗਏ ਹਨ ਜਾਂ ਦੇਸ਼ ਛੱਡ ਕੇ ਜਾ ਚੁੱਕੇ ਹਨ। ਮਹਾਰਾਸ਼ਟਰ ’ਚ ਓਮੀਕਰੋਨ ਦੇ ਸਭ ਤੋਂ ਵੱਧ 460 ਕੇਸ ਸਾਹਮਣੇ ਆਏ ਹਨ ਅਤੇ ਇਸ ਤੋਂ ਬਾਅਦ ਦਿੱਲੀ ’ਚ 351, ਗੁਜਰਾਤ ’ਚ 136, ਤਾਮਿਲ ਨਾਡੂ ’ਚ 117 ਅਤੇ ਕੇਰਲ ’ਚ 109 ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ ਦੇਸ਼ ’ਚ ਕਰੋਨਾਵਾਇਰਸ ਦੇ 27,553 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 3,48,89,132 ਹੋ ਗਈ ਹੈ। ਇਸ ਦੇ ਨਾਲ ਹੀ 284 ਹੋਰ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦਾ ਅੰਕੜਾ ਵੱਧ ਦੇ 4,81,770 ਹੋ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 1,22,801 ਹੋ ਗਈ ਹੈ ਜੋ ਲਾਗ ਦੇ ਕੁੱਲ ਕੇਸਾਂ ਦਾ 0.35 ਫੀਸਦ ਹੈ। ਮੰਤਰਾਲੇ ਨੇ ਦੱਸਿਆ ਕਿ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਕੌਮੀ ਦਰ 98.27 ਫੀਸਦ ਹੈ। ਦੂਜੇ ਪਾਸੇ ਪੱਛਮੀ ਬੰਗਾਲ ਸਰਕਾਰ ਨੇ ਕਰੋਨਾ ਦੇ ਕੇਸਾਂ ’ਚ ਇਕਦਮ ਵਾਧਾ ਹੋਣ ਕਾਰਨ ਭਲਕ ਤੋਂ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਕਰਨ ਤੇ ਦਫ਼ਤਰਾਂ ’ਚ ਮੁਲਾਜ਼ਮਾਂ ਦੀ ਹਾਜ਼ਰੀ 50 ਫੀਸਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਾਜ ਦੇ ਮੁੱਖ ਸਕੱਤਰ ਐੱਚਕੇ ਦਿਵੇਦੀ ਨੇ ਦੱਸਿਆ ਕਿ ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਰਾਤ 10 ਤੋਂ ਸਵੇਰੇ 5 ਵਜੇ ਤੱਕ ਕੰਮ ਦੀ ਇਜਾਜ਼ਤ ਹੋਵੇਗੀ। ਇਸੇ ਦੌਰਾਨ ਕਰਨਾਟਕ ਸਰਕਾਰ ਨੇ ਕੇਸਾਂ ਦਾ ਵਾਧਾ ਰੋਕਣ ਲਈ ਸੱਤ ਜਨਵਰੀ ਤੱਕ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਕੀਤਾ ਹੈ। ਕਰਨਾਟਕ ਦੇ ਮਾਲ ਮੰਤਰੀ ਆਰ ਅਸ਼ੋਕ ਨੇ ਦੱਸਿਆ ਕਿ ਉਹ ਜਲਦੀ ਹੀ ਮੀਟਿੰਗ ਕਰਕੇ ਕੁਝ ਸਖ਼ਤ ਨਿਯਮਾਂ ਦਾ ਐਲਾਨ ਕਰਨਗੇ। -ਪੀਟੀਆਈ
ਕਰੋਨਾ ਬਾਰੇ ਵੈਬਿਨਾਰ ਕਰਾਏਗੀ ਕੇਂਦਰ ਸਰਕਾਰ
ਨਵੀਂ ਦਿੱਲੀ: ਕਰੋਨਾਵਾਇਰਸ ਤੇ ਓਮੀਕਰੋਨ ਸਰੂਪ ਦੇ ਕੇਸ ਵਧਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਸ) ਦੇ ਸਹਿਯੋਗ ਨਾਲ ਕਰੋਨਾ ਕੇਸਾਂ ਦੇ ਕਲੀਨਿਕਲ ਪ੍ਰਬੰਧਨ ਦੇ ਵੱਖ ਵੱਖ ਪੱਖਾਂ ਸਬੰਧੀ 5 ਤੋਂ 19 ਜਨਵਰੀ ਤੱਕ ਲੜੀਵਾਰ ਵੈਬਿਨਾਰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕਿਹਾ ਕਿ ਸਾਰੇ ਸੂਬਾ ਪੱਧਰੀ ਕੇਂਦਰਾਂ ਅਤੇ ਜਨਤਕ ਤੇ ਨਿੱਜੀ ਜ਼ਿਲ੍ਹਾ ਪੱਧਰੀ ਕੋਵਿਡ-19 ਸਿਹਤ ਸੰਭਾਲ ਕੇਂਦਰਾਂ ਦੇ ਡਾਕਟਰਾਂ ਤੇ ਕੋਵਿਡ-19 ਇਲਾਜ ਕੇਂਦਰਾਂ ਦੇ ਇੰਚਾਰਜਾਂ ਨੂੰ ਇਨ੍ਹਾਂ ਵੈਬਿਨਾਰਾਂ ’ਚ ਸ਼ਾਮਲ ਹੋਣ ਦਾ ਨਿਰਦੇਸ਼ ਦਿੱਤਾ ਜਾ ਸਕਦਾ ਹੈ। ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਜਾਂ ਤੇ ਯੂਟੀਜ਼ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਜਾਰੀ ਰਾਹਤ ਪੈਕੇਜ ਦੀ ਢੁੱਕਵੀਂ ਵਰਤੋਂ ਕਰਨ। -ਪੀਟੀਆਈ
ਪੰਜਾਬ ’ਚ ਕਰੋਨਾ ਦੇ 417 ਨਵੇਂ ਕੇਸ; ਤਿੰਨ ਦੀ ਮੌਤ
ਚੰਡੀਗੜ੍ਹ: ਪੰਜਾਬ ’ਚ 24 ਘੰਟਿਆਂ ਦੌਰਾਨ ਕਰੋਨਾਵਾਇਰਸ ਕਰਕੇ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 16648 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ’ਚ ਕਰੋਨਾ ਦੇ 417 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 52 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 1369 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ ਅੱਜ ਹੁਸ਼ਿਆਰਪੁਰ, ਲੁਧਿਆਣਾ ਅਤੇ ਮੁਹਾਲੀ ’ਚ ਇਕ-ਇਕ ਜਣੇ ਦੀ ਕਰੋਨਾ ਕਰਕੇ ਮੌਤ ਹੋਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਵੀ ਕਰੋਨਾ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਇੱਥੇ ਅੱਜ ਕਰੋਨਾ ਦੇ 577 ਨਵੇਂ ਕੇਸ ਸਾਹਮਣੇ ਆਏ ਸਨ ਅਤੇ 84 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। -ਟਨਸ