ਨਵੀਂ ਦਿੱਲੀ, 23 ਮਈ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ‘ਬਦਕਿਸਮਤੀ’ ਨੂੰ ਅੱਜਕੱਲ੍ਹ ਜੱਜਾਂ ’ਤੇ ਦੋਸ਼ ਲਾਉਣ ਦਾ ਨਵਾਂ ਫੈਸ਼ਨ ਬਣ ਗਿਆ ਹੈ। ਜਿੰਨਾ ਮਜ਼ਬੂਤ ਜੱਜ ਹੁੰਦਾ ਹੈ, ਉਸ ਉੱਤੇ ਓਨਾ ਹੀ ਵੱਡਾ ਦੋਸ਼ ਲੱਗਦਾ ਹੈ। ਸੁਪਰੀਮ ਕੋਰਟ ਨੇ ਇਹ ਟਿੱਪਣੀਆਂ ਐਡਵੋਕੇਟ ਵੱਲੋਂ ਦਾਇਰ ਅਪੀਲ ’ਤੇ ਕੀਤੀਆਂ। ਇਸ ਐਡਵੋਕੇਟ ਨੂੰ ਮਦਰਾਸ ਹਾਈ ਕੋਰਟ ਨੇ ਅਦਾਲਤੀ ਤੌਹੀਨ ਦਾ ਦੋਸ਼ੀ ਪਾਉਂਦਿਆਂ ਦੋ ਹਫ਼ਤਿਆਂ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ ਸੀ। ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਬੇਲਾ ਐੱਮ.ਤ੍ਰਿਵੇਦੀ ਦੇ ਵੈਕੇਸ਼ਨ ਬੈਂਚ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਜੱਜਾਂ ’ਤੇ ਦੋਸ਼ ਲਾਉਣ ਦਾ ਆਮ ਰਿਵਾਜ ਸੀ ਅਤੇ ਹੁਣ ਇਹ ਸਭ ਕੁਝ ਬੰਬੇ ਤੇ ਮਦਰਾਸ ਵਿੱਚ ਵੀ ਹੋਣ ਲੱਗਾ ਹੈ। ਦੇਸ਼ ਭਰ ਵਿੱਚ ਜੱਜਾਂ ’ਤੇ ਹਮਲੇ ਕੀਤੇ ਜਾ ਰਹੇ ਹਨ ਤੇ ਜ਼ਿਲ੍ਹਾ ਅਦਾਲਤਾਂ ਵਿੱਚ ਤਾਂ ਕਈ ਵਾਰ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਪੁਲੀਸ ਮੁਲਾਜ਼ਮ ਕੋਲ ਸਿਰਫ਼ ‘ਲਾਠੀ’ ਹੀ ਹੁੰਦੀ ਹੈ। -ਪੀਟੀਆਈ