ਪੋਰਬੰਦਰ, 27 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਅਤਿਵਾਦ, ਨਕਸਲਵਾਦ ਅਤੇ ਗਰੀਬੀ ਤੋਂ ਛੁਟਕਾਰਾ ਦਿਵਾਉਣ ਅਤੇ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ। ਸ਼ਾਹ ਨੇ ਧਾਰਾ 370 ਹਟਾਉਣ ਅਤੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨੇ ਵੋਟ ਬੈਂਕ ਦੀ ਪਰਵਾਹ ਕੀਤੇ ਬਿਨਾਂ ਕਈ ਸਖ਼ਤ ਫ਼ੈਸਲੇ ਲਏ। ਉਨ੍ਹਾਂ ਗੁਜਰਾਤ ਦੀ ਪੋਰਬੰਦਰ ਸੀਟ ਤੋਂ ਭਾਜਪਾ ਉਮੀਦਵਾਰ ਮਨਸੁਖ ਮਾਂਡਵੀਆ ਦੇ ਸਮਰਥਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋ ਗੇੜ ਦੀਆਂ ਵੋਟਾਂ ਮਗਰੋਂ ਇਹ ਸਾਫ਼ ਹੋ ਗਿਆ ਹੈ ਕਿ ਦੇਸ਼ ਦੇ ਲੋਕਾਂ ਨੇ ਮੋਦੀ ਨੂੰ ਇੱਕ ਵਾਰ ਫਿਰ ਸੱਤਾ ਵਿੱਚ ਲਿਆਉਣ ਦਾ ਫ਼ੈਸਲਾ ਕਰ ਲਿਆ ਹੈ। ਸ਼ਾਹ ਨੇ ਕਿਹਾ, ‘‘ਮੈਂ ਤੁਹਾਨੂੰ ਅਪੀਲ ਕਰਦਾ ਕਰਦਾ ਹਾਂ ਕਿ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਓ।’’ ਸ਼ਾਹ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਦੋਂ ਧਾਰਾ 370 ਹਟਾਈ ਗਈ ਤਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਕਦਮ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਕਾਰਨ ਕਸ਼ਮੀਰ ਵਿੱਚ ਖ਼ੂਨ ਦੀਆਂ ਨਦੀਆਂ ਵਹਿਣਗੀਆਂ। ਉਨ੍ਹਾਂ ਕਿਹਾ, ‘‘ਪਰ ਪਿਛਲੇ ਪੰਜ ਸਾਲ ਵਿੱਚ ਖ਼ੂਨ ਦੀਆਂ ਨਦੀਆਂ ਵਹਿਣਾ ਤਾਂ ਦੂਰ, ਕਿਸੇ ਨੇ ਉੱਥੇ ਪੱਥਰ ਸੁੱਟਣ ਦੀ ਹਿੰਮਤ ਨਹੀਂ ਕੀਤੀ। ਪ੍ਰਧਾਨ ਮੰਤਰੀ ਨੇ ਦੇਸ਼ ਵਿੱਚੋਂ ਅਤਿਵਾਦ ਅਤੇ ਨਕਸਲਵਾਦ ਨੂੰ ਖ਼ਤਮ ਕਰਨ ਦਾ ਕੰਮ ਕੀਤਾ।’’ -ਪੀਟੀਆਈ