ਨਵੀਂ ਦਿੱਲੀ, 14 ਮਾਰਚ
ਆਈਐੱਨਐਕਸ ਮੀਡੀਆ ਕੇਸ ’ਚ ਵੱਖ ਵੱਖ ਦਸਤਾਵੇਜ਼ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਅਤੇ ਉਸ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਮੁਹੱਈਆ ਕਰਾਉਣ ਦੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਅਰਜ਼ੀ ’ਤੇ ਸੁਣਵਾਈ ਤੋਂ ਦਿੱਲੀ ਹਾਈ ਕੋਰਟ ਦਾ ਜੱਜ ਅੱਜ ਲਾਂਭੇ ਹੋ ਗਿਆ ਹੈ। ਜਸਟਿਸ ਚੰਦਰ ਧਾਰੀ ਸਿੰਘ ਨੇ ਕਿਹਾ,‘‘ਮੈਂ ਇਸ ਮਾਮਲੇ ਦੀ ਸੁਣਵਾਈ ਨਹੀਂ ਕਰ ਰਿਹਾ ਹਾਂ। ਮੈਂ ਇਸ ਨੂੰ ਦੂਜੇ ਬੈਂਚ ਹਵਾਲੇ ਕਰ ਰਿਹਾ ਹਾਂ।’’
ਜੱਜ ਨੇ ਕਿਹਾ ਕਿ 16 ਮਾਰਚ ਨੂੰ ਇਹ ਪਟੀਸ਼ਨ ਕਿਸੇ ਹੋਰ ਬੈਂਚ ਅੱਗੇ ਸੂਚੀਬੱਧ ਹੋਵੇਗੀ। ਈਡੀ ਨੇ ਵਕੀਲ ਅਮਿਤ ਮਹਾਜਨ ਰਾਹੀਂ 25 ਜਨਵਰੀ, 2020 ਨੂੰ ਹੇਠਲੀ ਅਦਾਲਤ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜਿਸ ’ਚ ਏਜੰਸੀ ਨੂੰ ਕਿਹਾ ਗਿਆ ਸੀ ਕਿ ਉਹ ਕੇਸ ’ਚ ਹੋਰ ਦੇਰੀ ਕੀਤੇ ਬਿਨਾਂ ਸਾਰੇ ਦਸਤਾਵੇਜ਼ਾਂ ਦੀ ਸਕੈਨ ਕਾਪੀ ਮੁਹੱਈਆ ਕਰਾਉਣ। -ਪੀਟੀਆਈ