ਸ਼ਿਲਾਂਗ, 26 ਸਤੰਬਰ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦਾ ਸਰਬਪੱਖੀ ਵਿਕਾਸ ਹੀ ਸੰਘ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਸੰਘ ਸੁਆਰਥਾਂ ਨੂੰ ਤਿਆਗ ਕੇ ਦੇਸ਼ ਲਈ ਕੁਰਬਾਨੀਆਂ ਦੀ ਵਕਾਲਤ ਕਰਦਾ ਹੈ। ਪਹਾੜੀ ਸੂਬੇ ਵਿੱਚ ਦੋ ਦਿਨਾਂ ਦੇ ਦੌਰੇ ’ਤੇ ਆਏ ਭਾਗਵਤ ਨੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਮਾਜ ਨੂੰ ਸੰਗਠਿਤ ਕਰਨਾ ਆਰਐੱਸਐੱਸ ਦਾ ਮੁੱਖ ਉਦੇਸ਼ ਹੈ ਤਾਂ ਕਿ ਭਾਰਤ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ। ਆਰਐੱਸਐੱਸ ਵਿਅਕਤੀਗਤ ਸੁਆਰਥ ਨੂੰ ਤਿਆਗ ਕੇ ਦੇਸ਼ ਲਈ ਕੁਰਬਾਨੀ ਦੇਣਾ ਸਿਖਾਉਂਦਾ ਹੈ।’’ ਉਨ੍ਹਾਂ ਕਿਹਾ ਕਿ ਅਧਿਆਤਮਕਤਾ ’ਤੇ ਆਧਾਰਤ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਵਿੱਚ ਭਰੋਸਾ ਦੇਸ਼ ਦੇ ਲੋਕਾਂ ਨੂੰ ਜੋੜੇ ਰੱਖਣ ਵਾਲੀ ਸ਼ਕਤੀ ਹੈ। ਭਾਗਵਤ ਨੇ ਕਿਹਾ, ‘‘ਭਾਰਤੀ ਅਤੇ ਹਿੰਦੂ ਇੱਕ ਸਾਮਾਨਾਰਥੀ ਭੂ-ਸੱਭਿਆਚਾਰਕ ਪਛਾਣ ਹੈ। ਅਸੀਂ ਸਾਰੇ ਹਿੰਦੂ ਹਾਂ। ਸਾਡੇ ਪੁਰਖੇ ਵਿਦੇਸ਼ਾਂ ਵਿੱਚ ਗਏ ਅਤੇ ਉਨ੍ਹਾਂ ਜਾਪਾਨ, ਕੋਰੀਆ, ਇੰਡੋਨੇਸ਼ੀਆ ਅਤੇ ਕਈ ਹੋਰ ਦੇਸ਼ਾਂ ਨੂੰ ਵੀ ਇਹ ਕਦਰਾਂ-ਕੀਮਤਾਂ ਸਿਖਾਈਆਂ।’’ ਉਨ੍ਹਾਂ ਕਿਹਾ ਕਿ ਭਾਰਤ ਨੇ ਕੋਵਿਡ-19 ਦੌਰਾਨ ਟੀਕਿਆਂ ਦੀ ਸਪਲਾਈ ਕਰਕੇ ਮਾਨਵਤਾ ਦੀ ਸੇਵਾ ਕੀਤੀ ਅਤੇ ਉਹ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨਾਲ ਖੜ੍ਹਿਆ। ਭਾਗਵਤ ਨੇ ਕਿਹਾ, ‘‘ਜਦੋਂ ਭਾਰਤ ਸ਼ਕਤੀਸ਼ਾਲੀ ਬਣਦਾ ਹੈ ਤਾਂ ਹਰ ਨਾਗਰਿਕ ਸ਼ਕਤੀਸ਼ਾਲੀ ਬਣਦਾ ਹੈ।’’ ਭਾਗਵਤ ਆਰਐੱਸਐੱਸ ਸਮਰਥਕਾਂ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ। -ਪੀਟੀਆਈ