ਇਕਬਾਲ ਸਿੰਘ ਸ਼ਾਂਤ
ਲੰਬੀ, 23 ਅਪਰੈਲ
ਲੰਬੀ ਹਲਕੇ ਵਿੱਚ ਨਸ਼ਿਆਂ ਨੂੰ ਠੱਲ੍ਹ ਨਾ ਪੈਣ ’ਤੇ ਜਨਤਕ ਸਫ਼ਾਂ ਨੂੰ ਮੋਰਚੇ ਖੋਲ੍ਹਣੇ ਪੈ ਰਹੇ ਹਨ। ਹੁਣ ਪਿੰਡ ਮਿੱਡਾ, ਆਲਮਵਾਲਾ ਅਤੇ ਬੋਦੀਵਾਲਾ ’ਚ ਨਸ਼ਾ ਖਰੀਦਣ ਵਾਲੇ ਅਤੇ ਨਸ਼ਾ ਵੇਚਣ ਵਾਲੇ ਕਾਬੂ ਆਉਣ ’ਤੇ ਸੋਸ਼ਲ ਮੀਡੀਆ ’ਤੇ ਜਨਤਕ ਸ਼ਰਮਸਾਰੀ ਦੀ ਭਾਗੇਦਾਰੀ ਬਣਨਗੇ। ‘ਸੁਧਾਰ ਕਮੇਟੀ ਮਿੱਡਾ’ ਨੇ ਇਹ ਸਮਾਜਿਕ ਬਦਲਾਅ ਵਾਲਾ ਬੀੜਾ ਚੁੱਕਦੇ ਹੋਏ ਅੱਜ ਤੋਂ ਮੁਹਿੰਮ ਆਰੰਭ ਦਿੱਤੀ ਹੈ। ਕਮੇਟੀ ਦੇ ਫੇਸਬੁੱਕ ਪੇਜ਼ ’ਤੇ ਪਿੰਡ ’ਚ ਨਸ਼ਾ ਖਰੀਦਣ ਪੁੱਜੇ ਦੋ ਨੌਜਵਾਨਾਂ ਦੀ ਵੀਡੀਓ ਸਾਂਝੀ ਕੀਤੀ ਗਈ ਹੈ। ਕਰੀਬ 37 ਸੈਕਿੰਡਾਂ ਦੀ ਵੀਡਓ ’ਚ ਕਥਿਤ ਨਸ਼ੇੜੀ ਨੌਜਵਾਨ ਦੇ ਹੱਥ ’ਚ ਸਰਿੰਜ ਵੀ ਵਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਆਲਮਵਾਲਾ ਅਤੇ ਬੋਦੀਵਾਲਾ ’ਚ ਕਾਫ਼ੀ ਨਸ਼ੇ ਵਿਕਦੇ ਹਨ ਅਤੇ ਮਿੱਡਾ ਪਿੰਡ ਚਿੱਟੇ ਅਤੇ ਮੈਡੀਕਲ ਨਸ਼ਿਆਂ ਦਾ ਗੜ੍ਹ ਦੱਸਿਆ ਜਾਂਦਾ ਹੈ।
ਸੁਧਾਰ ਕਮੇਟੀ ਮਿੱਡਾ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਪਾਉਣ ਬਾਰੇ ਤਿੰਨੇ ਪਿੰਡਾਂ ਨੇ ਸਹਿਮਤੀ ਨਾਲ ਫੈਸਲਾ ਲਿਆ ਹੈ। ਜਿਹੜਾ ਵਿਅਕਤੀ ਨਸ਼ਾ ਤਸਕਰਾਂ ਦੀ ਚੋਰੀ ਛੁਪੇ ਮਦਦ ਕਰੇਗਾ, ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਨਸ਼ਾ ਖਰੀਦਣ ਪੁੱਜੇ ਦੋਵੇਂ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਗਈ ਹੈ। ਕਮੇਟੀ ਦੀ ਸਖ਼ਤ ਕਾਰਵਾਈ ਦੇ ਡਰੋਂ ਅੱਜ ਪਿੰਡ ਦੇ ਤਸਕਰਾਂ ਨੇ ਦੋਵੇਂ ਨੌਜਵਾਨਾਂ ਨੂੰ ਨਸ਼ਾ ਨਹੀਂ ਦਿੱਤਾ। ਉਨ੍ਹਾਂ ਦੀ ਕਮੇਟੀ ਲੰਮੇ ਸਮੇਂ ਤੋਂ ਨਸ਼ਿਆਂ ਖਿਲਾਫ਼ ਡਟੀ ਹੋਈ ਹੈ।