ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਦਸੰਬਰ
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ ਡਿਪੂ ਹੋਲਡਰਾਂ ਰਾਹੀਂ ਸਮਾਰਟ ਕਾਰਡ ਰਾਸ਼ਨ ਧਾਰਕਾਂ ਨੂੰ ਉੱਲੀ ਲੱਗੀ ਕਣਕ ਵੰਡ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਲੀ-ਸੜੀ ਤੇ ਉਲੀ ਲੱਗੀ ਲੱਡੂ ਬਣੀ ਕਣਕ ਮਨੁੱਖ ਤਾਂ ਦੂਰ ਪਸ਼ੂਆਂ ਲਈ ਵੀ ਹਾਨੀਕਾਰਕ ਹੈ।
ਧਰਮਕੋਟ ਸਬ ਡਿਵੀਜ਼ਨ ਦੇ ਕਸਬਾਨੁਮਾ ਪਿੰਡ ਕਿਸ਼ਨਪੁਰਾ ਕਲਾਂ ਦੇ ਲੋਕਾਂ ਨੇ ਉੱਲੀ ਲੱਗੀ ਕਣਕ ਦਿਖਾਉਂਦੇ ਕਿਹਾ ਕਿ ਮੁਸ਼ਕ ਮਾਰ ਰਹੀ ਕਣਕ ਨੂੰ ਭੁੱਖੇ ਪਸ਼ੂ ਵੀ ਨਾ ਖਾਣ। ਉਨ੍ਹਾਂ ਕਿਹਾ ਕਿ ਇਹ ਕਣਕ ਘਰ ਜਾ ਕੇ ਖੋਲ੍ਹਣ ਉੱਤੇ ਹੀ ਖਰਾਬ ਹੋਣ ਦਾ ਪਤਾ ਲੱਗਦਾ ਹੈ। ਲੋਕਾਂ ਨੇ ਕਿਹਾ ਕਿ ਉਹ ਕਰੋਨਾ ਵਰਗੀ ਮਹਾਂਮਾਰੀ ਨਾਲ ਭਾਵੇਂ ਉਨ੍ਹਾਂ ਦੀ ਜਾਨ ਬਚ ਜਾਵੇ ਪਰ ਸਰਕਾਰ ਦੀ ਉੱਲੀ ਲੱਗੀ ਕਣਕ ਖਾਣ ਨਾਲ ਬਿਮਾਰ ਹੋ ਸਕਦੇ ਹਨ। ਖਰਾਬ ਕਣਕ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕਾਂ ਨੇ ਖਰਾਬ ਕਣਕ ਸਪਲਾਈ ਕਰਨ ਵਾਲੇ ਅਧਿਕਾਰੀਆਂ ਤੇ ਹੋਰ ਸਬੰਧਤਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਤਾਂ ਜੋ ਅੱਗੇ ਤੋਂ ਕੋਈ ਵੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰ ਸਕੇ। ਡਿਪੂਆਂ ਤੋਂ ਖਰਾਬ ਕਣਕ ਵੰਡਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰੰਤੂ ਹੈਰਾਨੀ ਦੀ ਗੱਲ ਹੈ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਨਲਾਇਕੀ ਤੇ ਲਾਪ੍ਰਵਾਹੀ ਖ਼ਿਲਾਫ਼ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।
ਕੀ ਕਹਿੰਦੇ ਨੇ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ
ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਖੇਤਰੀ ਇੰਸਪੈਕਟਰ ਰਾਜਵੰਤ ਸਿੰਘ ਵਾਲੀਆ ਨੇ ਕਿਹਾ ਕਿ ਕਣਕ ਦਾ ਕੋਟਾ ਬਹੁਤ ਵੰਡਿਆ ਜਾ ਰਿਹਾ ਹੈ ਅਤੇ ਲੋਕ ਖੁਸ਼ ਹਨ ਪਰ ਖਰਾਬ ਕਣਕ ਦੀ ਗੱਲ ਮੇਰੇ ਧਿਆਨ ਵਿਚ ਨਹੀਂ, ਅਗਰ ਕਣਕ ਮਾੜੀ ਜਾਂ ਖਰਾਬ ਕਿਸੇ ਨੂੰ ਮਿਲੀ ਹੈ ਤਾਂ ਉਹ ਬਦਲ ਦਿੱਤੀ ਜਾਵੇਗੀ।