ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 6 ਅਗਸਤ
ਬਰਨਾਲਾ ਕਲੱਬ ਵਿੱਚ ਸ਼ਹਿਰ ਦੀਆਂ ਔਰਤਾਂ ਅਤੇ ਕੁੜੀਆਂ ਨੇ ਇਕੱਠੇ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ। ਪੰਜਾਬੀ ਪਹਿਰਾਵੇ ਵਿੱਚ ਸਜੀਆਂ ਔਰਤਾਂ ਵਲੋਂ ਇਸ ਮੌਕੇ ਪੰਜਾਬੀ ਬੋਲੀਆਂ ਅਤੇ ਗਿੱਧਾ ਪਾ ਕੇ ਖ਼ੂਬ ਰੰਗ ਬੰਨ੍ਹਿਆ ਗਿਆ। ਇਸ ਮੌਕੇ ਪੰਜਾਬੀ ਸੱਭਿਆਚਾਰਕ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਤੀਆਂ ਦਾ ਤਿਉਹਾਰ ਮਨਾ ਰਹੀਆਂ ਔਰਤਾਂ ਗੀਤਾ ਸ਼ਰਮਾ ਗੀਤਿਕਾ ਸਿੰਗਲਾ, ਹਰਦੀਪ ਕੌਰ ਆਹਲੂਵਾਲੀਆ ਅਤੇ ਸੋਨੂੰ ਚੋਪੜਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਮਨਾਉਣ ਲਈ ਔਰਤਾਂ ਇਕੱਠੀਆਂ ਹੋਈਆਂ। ਇਸ ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪੰਜਾਬੀ ਬੋਲੀਆਂ ਅਤੇ ਗਿੱਧਾ ਪਾ ਕੇ ਆਨੰਦ ਮਾਣਿਆ ਗਿਆ। ਸਾਰੀਆਂ ਔਰਤਾਂ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਨਵੀਂ ਪੀੜ੍ਹੀ ਆਪਣਾ ਵਿਰਸਾ ਅਤੇ ਸੱਭਿਆਚਾਰ ਭੁਲਦੀ ਜਾ ਰਹੀ ਹੈ। ਇਸ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਅਜਿਹੇ ਸਮਾਗਮ ਹੋਣੇ ਚਾਹੀਦੇ ਹਨ। ਅੱਗੇ ਤੋਂ ਵੀ ਇਸ ਤਰਾਂ ਦੇ ਸੱਭਿਆਚਾਰਕ ਤਿਉਹਾਰ ਮਨਾਉਣ ਦੇ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ।