ਰਵਿੰਦਰ ਰਵੀ
ਬਰਨਾਲਾ, 13 ਸਤੰਬਰ
ਵਿਦੇਸ਼ੀ ਨੰਬਰਾਂ ਤੋਂ ਵਾਟਸਐਪ ਕਾਲ ਰਾਹੀਂ ਫਿਰੌਤੀ ਮੰਗਣ ਦੇ ਦੋਸ਼ ਹੇਠ ਜ਼ਿਲ੍ਹਾ ਪੁਲੀਸ ਨੇ ਗੈਂਗਸਟਰਾਂ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ ਤਿੰਨ ਸਾਥੀਆਂ ਦੀ ਪੈੜ ਨੱਪਣ ਲਈ ਪੁਲੀਸ ਨੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਲਵਲੀ ਗਰਗ ਵਾਸੀ ਬਰਨਾਲਾ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ ਤੇ ਆਪਣੇ ਆਪ ਨੂੰ ਗੈਂਗਸਟਰ ਸੁੱਖਾ ਦੁੱਨੇਕਾ ਨਾਲ ਸਬੰਧਤ ਦੱਸ ਕੇ ਇਕ ਵਿਅਕਤੀ ਵੱਲੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਪੁਲੀਸ ਮੁਖੀ ਨੇ ਦੱਸਿਆ ਕਿ ਐੱਸਪੀ (ਡੀ) ਰਮਨੀਸ਼ ਕੁਮਾਰ ਚੌਧਰੀ ਦੀ ਅਗਵਾਈ ’ਚ ਬਣਾਈ ਟੀਮ ਨੇ ਪੁਲੀਸ ਵਿੰਗ ਦੀ ਟੈਕਨੀਕਲ ਟੀਮ ਨਾਲ ਮਿਲ ਕੇ ਪੜਤਾਲ ਦੌਰਾਨ ਬਲਜਿੰਦਰ ਸਿੰਘ ਉਰਫ਼ ਕਿੰਦਾ, ਗੁਰਵਿੰਦਰ ਸਿੰਘ ਉਰਫ਼ ਗਿੱਲ ਅਤੇ ਬਲਵਿੰਦਰ ਸਿੰਘ ਉਰਫ਼ ਬਿੰਦਰ ਤਿੰਨੋਂ ਵਾਸੀ ਪਿੰਡ ਕੋਟਦੂਨਾ, ਜਗਸੀਰ ਸਿੰਘ ਉਰਫ਼ ਗਿਆਨੀ ਸੰਘੇੜਾ ਵਾਸੀ ਮੂਲੋਵਾਲ ਹਾਲ ਆਬਾਦ ਫਿਲਪਨੀਜ਼, ਹਰਵਿੰਦਰ ਸਿੰਘ ਉਰਫ਼ ਬਿੰਦੀ ਵਾਸੀ ਲਿੱਦੜਾ ਹਾਲ ਆਬਾਦ ਜਰਮਨੀ ਅਤੇ ਅਜੈਬ ਖਾਨ ਉਰਫ਼ ਖਾਨ ਵਾਸੀ ਦੁੱਗਾਂ ਹਾਲ ਆਬਾਦ ਅਮਰੀਕਾ ਦੋਸ਼ੀ ਪਾਏ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੈਂਗਸਟਰਾਂ ਦੇ ਸਾਥੀ ਬਲਜਿੰਦਰ ਸਿੰਘ ਉਰਫ਼ ਕਿੰਦਾ, ਗੁਰਵਿੰਦਰ ਸਿੰਘ ਉਰਫ਼ ਗਿੱਲ ਅਤੇ ਬਲਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਕੋਟਦੂਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 6 ਮੋਬਾਇਲ ਫੋਨ, ਇੱਕ ਪਿਸਤੌਲ ਦੇਸੀ, ਇਕ ਕਾਰਤੂਸ ਅਤੇ ਸਵਿੱਫਟ ਕਾਰ ਬਰਾਮਦ ਕੀਤੀ ਹੈ।
ਜ਼ਿਲਾ ਪੁਲੀਸ ਮੁਖੀ ਵੱਲੋਂ ਅਹਿਮ ਖੁਲਾਸੇ
ਜ਼ਿਲਾ ਪੁਲੀਸ ਮੁਖੀ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਰਫ਼ ਕਿੰਦਾ ਦਾ ਗੈਂਗਸਟਰ ਜਗਸੀਰ ਸਿੰਘ ਨਾਲ ਕਥਿਤ ਸਬੰਧ ਹੈ ਜੋ ਕਿ ਅੱਜ ਕੱਲ੍ਹ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ’ਚ ਰਹਿ ਰਿਹਾ ਹੈ। ਉਸ ’ਤੇ 25 ਕੇਸ ਦਰਜ ਹਨ। ਇਨ੍ਹਾਂ ਨੇ ਕਥਿਤ ਤੌਰ ’ਤੇ ਲਵਲੀ ਗਰਗ ਦਾ ਫੋਨ ਨੰਬਰ ਜਗਸੀਰ ਸਿੰਘ ਉਰਫ਼ ਗਿਆਨੀ ਨੂੰ ਦਿੱਤਾ ਸੀ। ਗਿਆਨੀ ਦੀ ਦੋਸਤੀ ਅਜੈਬ ਖਾਨ ਅਤੇ ਸੁੱਖਾ ਦੂਨੇਕੇ ਨਾਲ ਹੈ। ਇਨ੍ਹਾਂ ਨੇ ਵਾਟਸਅੱਪ ਕਾਲ ਰਾਹੀ ਲਵਲੀ ਗਰਗ ਤੋਂ 20 ਲੱਖ ਰੁਪਏ, ਪਿੰਡ ਕੋਟਦੂਨਾ ਦੇ ਟੈਲੀਫਿਲਮਾਂ ਦੇ ਪ੍ਰੋਡਿਊਸਰ ਹਰਿੰਦਰ ਸਿੰਘ ਤੋਂ 10 ਲੱਖ ਰੁਪਏ ਅਤੇ ਲੋਗੋਂਵਾਲ ਦੇ ਸੰਜੀਵ ਕੁਮਾਰ ਤੋਂ ਵੀ ਲੱਖਾਂ ਰੁਪਏ ਦੀ ਕਥਿਤ ਫਿਰੌਤੀ ਦੀ ਮੰਗ ਕੀਤੀ ਸੀ।