ਪੱਤਰ ਪ੍ਰੇਰਕ
ਮਾਨਸਾ, 28 ਸਤੰਬਰ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਆਪਣੀਆਂ ਮੰਗਾਂ ਸਬੰਧੀ ਲਗਾਤਾਰ 56 ਦਿਨਾਂ ਤੋਂ ਚੱਲ ਰਹੇ ਦਿਨ-ਰਾਤ ਦੇ ਪੱਕੇ ਮੋਰਚੇ ਦੌਰਾਨ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਖੂਨਦਾਨ ਕੈਂਪ ਨਿਰਵੈਰ ਕਲੱਬ ਮਾਨਸਾ ਵੱਲੋਂ ਗੁਰਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਲਾਇਆ, ਜਿਸ ਵਿੱਚ ਮਜ਼ਦੂਰਾਂ, ਵਿਦਿਆਰਥੀਆਂ ਅਤੇ ਧਰਨਾਕਾਰੀਆਂ ਨੇ ਖੂਨਦਾਨ ਕੀਤਾ ਗਿਆ। ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਮਾਓਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੇਸ ਨੂੰ ਵਿਦੇਸ਼ੀ ਕੰਪਨੀਆਂ ਕੋਲ ਮੁੜ ਨਿਲਾਮ ਕਰਨ ਦੇ ਰਾਸਤੇ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਦੇ ਨਾਂ ’ਤੇ ਸੱਤਾ ਵਿਚ ਆਈ ਭਗਵੰਤ ਮਾਨ ਸਰਕਾਰ ਵੀ ਭਾਜਪਾ ਮੋਦੀ ਦੇ ਇਸ਼ਾਰੇ ’ਤੇ ਚੱਲ ਰਹੀ ਹੈ। ਇਸ ਮੌਕੇ ਦਸਤਕ ਆਰਟ ਗਰੁੱਪ ਵੱਲੋਂ ‘ਭਗਤ ਸਿੰਘ ਤੂੰ ਜ਼ਿੰਦਾ ਹੈ’ ਨਾਟਕ ਖੇਡਿਆ ਗਿਆ। ਇਸ ਮੌਕੇ ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਪ੍ਰਸ਼ੋਤਮ ਸ਼ਰਮਾ, ਰਾਜਵਿੰਦਰ ਰਾਣਾ, ਨਿੱਕਾ ਸਿੰਘ ਬਹਾਦਰਪੁਰ, ਪ੍ਰਦੀਪ ਗੁਰੂ, ਗੁਰਵਿੰਦਰ ਨੰਦਗੜ੍ਹ ਅਤੇ ਜਸਵੀਰ ਕੌਰ ਨੱਤ ਨੇ ਵੀ ਸੰਬੋਧਨ ਕੀਤਾ।
ਨੇਕੀ ਫਾਊਂਡੇਸ਼ਨ ਵੱਲੋਂ 95 ਯੂਨਿਟ ਖ਼ੂਨਦਾਨ
ਬਰੇਟਾ (ਪੱਤਰ ਪ੍ਰੇਰਕ): ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਨੇਕੀ ਫਾਊਂਡੇਸ਼ਨ ਵੱਲੋਂ ਐੱਚਡੀਐੱਫਸੀ ਬੈਂਕ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਬੁਢਲਾਡਾ ਦੇ ਐੱਸਡੀਐੱਮ ਪ੍ਰਮੋਦ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਖ਼ੂਨਦਾਨੀਆਂ ਦੀ ਉੱਦਮ ਦੀ ਸ਼ਲਾਘਾ ਕੀਤੀ। ਇਸ ਕੈਂਪ ਵਿੱਚ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਵੀ ਪੁੱਜੇ। ਪ੍ਰਬੰਧਕਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਦੀ ਬਲੱਡ ਬੈਂਕ ਦੀ ਟੀਮ ਵੱਲੋਂ 95 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ, ਜਦ ਕਿ 115 ਨੌਜਵਾਨਾਂ ਵੱਲੋਂ ਖ਼ੂਨਦਾਨ ਲਈ ਨਾਮ ਲਿਖਵਾਏ ਗਏ ਸਨ ਤੇ ਇਨ੍ਹਾਂ ਸਾਰਿਆਂ ਨੂੰ ਪ੍ਰਸ਼ੰਸ਼ਾ ਤੇ ਸਨਮਾਨ ਪੱਤਰ ਦਿੱਤੇ ਗਏ।