ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 18 ਜਨਵਰੀ
ਲਸਾੜਾ ਡਰੇਨ ਦੇ ਓਵਰਫਲੋਅ ਹੋਣ ਕਾਰਨ ਸਰਹੱਦੀ ਪਿੰਡ ਪਥਰਾਲਾ ਵਿੱਚ ਪਾਣੀ ਵੜਨ ਦਾ ਖ਼ਤਰਾ ਹੈ। ਡਰੇਨ (ਸੇਮ ਨਾਲਾ) ’ਚ ਪਾਣੀ ਨੱਕੋ-ਨੱਕ ਭਰਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਗੰਭੀਰ ਮਸਲੇ ’ਤੇ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ। ਪਿੰਡ ਦੇ ਜਾਗਰੂਕ ਨੌਜਵਾਨ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਲਿਜਾਣ ਲਈ ਦਸਤਾਵੇਜ਼ੀ ਮੁਹਿੰਮ ’ਚ ਜੁਟ ਗਏ ਹਨ। ਇਸ ਸਬੰਧੀ ਪਿੰਡ ਵਾਸੀ ਹਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਡੁੱਬਣ ਕਿਨਾਰੇ ਹੈ। ਉਨ੍ਹਾਂ ਕਿਹਾ ਕਿ ਡਰੇਨ ਦੇ ਟੁੱਟਣ ਦੀ ਸਥਿਤੀ ’ਚ ਹਰਿਆਣਾ ਦਾ ਜੋਗੇਵਾਲਾ ਅਤੇ ਡੂਮਵਾਲੀ ਵੀ ਖ਼ਤਰੇ ਦੇ ਰਾਡਾਰ ’ਤੇ ਹਨ। ਬਹੁਤ ਮਾੜੀ ਗੱਲ ਹੈ ਕਿ ਸਰਕਾਰ ਨੇ ਲਸਾੜਾ ਡਰੇਨ ’ਚ ਗੰਦਾ ਪਾਣੀ ਆਉਣ ਤੋਂ ਰੋਕਣ ਬਾਰੇ ਕੋਈ ਕਦਮ ਨਹੀਂ ਚੁੱਕੇ। ਅੱਜ ਪ੍ਰਸ਼ਾਸਨ ਕੋਲ ਮਸਲਾ ਚੁੱਕਣ ’ਤੇ ਨਾਇਬ ਤਹਿਸੀਲਦਾਰ ਸੰਗਤ ਮੌਕਾ ਵੇਖਣ ਪੁੱਜੇ ਸਨ। ਦਰਸ਼ਨ ਸਿੰਘ ਨੇ ਕਿਹਾ ਕਿ ਡਰੇਨ ’ਚ ਤਿੰਨ ਸਾਲ ਪਹਿਲਾਂ ਤੱਕ ਸਾਫ਼ ਪਾਣੀ ਆਉਂਦਾ ਹੁੰਦਾ ਸੀ। ਹੁਣ ਤਾਂ ਗੰਦਾ ਅਤੇ ਦੂਸ਼ਿਤ ਪਾਣੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਡਰੇਨ ਦੇ ਦੂਸ਼ਿਤ ਪਾਣੀ ਨੇ ਪਥਰਾਲਾ ਨੂੰ ਬਿਮਾਰੀਆਂ ਦਾ ਘਰ ਬਣਾ ਰੱਖਿਆ ਹੈ। ਨੌਜਵਾਨ ਸੁਖਬੀਰ ਨੇ ਦੋਵੇਂ ਪੁਲ ਵਿਖਾਉਂਦੇ ਹੋਏ ਕਿਹਾ ਕਿ ਪਿੰਡ ਦੇ ਮੁੱਖ ਰਸਤੇ ’ਤੇ ਪੈਂਦੇ ਦੋਵੇਂ ਪੁੱਲਾਂ ਦੀ ਹਾਲਤ ਮਾੜੀ ਹੈ ਅਤੇ ਸੁਰਾਖਾਂ ਰਾਹੀਂ ਪਾਣੀ ਸੜਕ ’ਤੇ ਆਉਣ ਲੱਗਿਆ ਹੈ। ਮਨਜੀਤ ਸਿੰਘ ਨੇ ਕਿਹਾ ਕਿ ਡਰੇਨ ’ਚ ਲਗਾਤਾਰ ਵਧ ਰਹੇ ਪਾਣੀ ਕਾਰਨ ਖੌਫ਼ ’ਚ ਰਾਤ ਨੂੰ ਨੀਂਦ ਨਹੀਂ ਆਉਂਦੀ।
ਮਸਲੇ ਬਾਰੇ ਪ੍ਰਸ਼ਾਸਨ ਗੰਭੀਰ: ਡੀਸੀ
ਬਠਿੰਡਾ ਦੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਕਿਹਾ ਕਿ ਲਸਾੜਾ ਡਰੇਨ ਦੇ ਮਸਲੇ ਬਾਰੇ ਪ੍ਰਸ਼ਾਸਨ ਗੰਭੀਰ ਹੈ ਅਤੇ ਹਰ ਸੰਭਵ ਅਤੇ ਲੋੜੀਂਦੇ ਚੁੱਕੇ ਜਾਣਗੇ। ਜਾਨ ਅਤੇ ਮਾਲ ਦੀ ਰਾਖੀ ਪ੍ਰਸ਼ਾਸਨ ਦੇ ਮੁੱਢਲੇ ਫਰਜ਼ਾਂ ਦਾ ਹਿੱਸਾ ਹਨ।