ਪੱਤਰ ਪ੍ਰੇਰਕ
ਮਾਨਸਾ, 3 ਨਵੰਬਰ
ਖੀਵਾ ਦਿਆਲੂਵਾਲਾ ਦੀਆਂ ਤਿੰਨ ਔਰਤਾਂ ਦੀ ਟਿੱਕਰੀ ਬਾਰਡਰ ’ਤੇ ਹੋਈ ਸ਼ਹੀਦੀ ਦੀ ਘਟਨਾ ਨੇ ਮਲਵਈ ਔਰਤਾਂ ਦਾ ਕੇਂਦਰ ਪ੍ਰਤੀ ਗੁੱਸਾ ਹੋਰ ਵਧਾ ਦਿੱਤਾ ਹੈ। ਭਾਵੇਂ ਕੇਂਦਰ ਸਰਕਾਰ ਵੱਲੋਂ ਕਿਸਾਨ ਅਤੇ ਖੇਤੀ ਵਿਰੋਧੀ ਲਿਆਂਦੇ ਕਾਨੂੰਨਾਂ ਖਿਲਾਫ਼ ਪਿੰਡਾਂ ਦੀਆਂ ਸੱਥਾਂ ’ਚੋਂ ਉਠੇ ਸੰਘਰਸ਼ ਵਿੱਚ ਔਰਤਾਂ ਮੋਹਰੀ ਹੋਕੇ ਯੋਗਦਾਨ ਪਾ ਰਹੀਆਂ ਹਨ, ਪਰ ਖੀਵਾ ਦਿਆਲੂਵਾਲਾ ਦੀਆਂ ਮਾਈਆਂ ਦੀ ਸ਼ਹਾਦਤ ਨੇ ਔਰਤਾਂ ਨੂੰ ਹੋਰ ਹੌਸਲਾ ਬਖ਼ਸਿਆ ਹੈ। ਔਰਤਾਂ ਦੀ ਕੇਂਦਰ ਸਰਕਾਰ ਪ੍ਰਤੀ ਵਧੀ ਈਰਖਾ ਨੇ ਹੁਣ ਪਹਿਲਾਂ ਨਾਲੋਂ ਵੀ ਵਧ ਕੇ ਦਿੱਲੀ ਜਾਣ ਲਈ ਮਨਾਂ ਨੂੰ ਕਰੜਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਐਡਵੋਕੇਟ ਬਲਵੀਰ ਕੌਰ ਸਿੱਧੂ ਨੇ ਕਿਹਾ ਕਿ ਘਟਨਾਵਾਂ ਨਾਲ ਲੋਕਾਂ ਵਿਚ ਗੁੱਸਾ ਪੈਦਾ ਹੋਇਆ ਹੈ। ਪੰਜਾਬ ਕਿਸਾਨ ਯੂਨੀਅਨ ਦੀ ਆਗੂ ਜਸਵੀਰ ਕੌਰ ਨੱਤ, ਜੋ ਪਿਛਲੇ ਲਗਭਗ ਇੱਕ ਸਾਲ ਤੋਂ ਦਿੱਲੀ ਵਿੱਚ ਮੋਰਚੇ ਵਿੱਚ ਜੂਝ ਰਹੀ ਹੈ, ਨੇ ਕਿਹਾ ਕਿ ਟਿੱਕਰੀ ਬਾਰਡਰ ’ਤੇ ਸ਼ਹੀਦ ਹੋਈਆਂ ਔਰਤਾਂ ਦਾ ਮੋਰਚੇ ਨੂੰ ਬਹੁਤ ਦੁੱਖ ਅਤੇ ਘਾਟਾ ਪਿਆ ਹੈ, ਪਰ ਇਸ ਦੇ ਬਾਵਜੂਦ ਔਰਤਾਂ ਬੁਲੰਦ ਹੌਸਲੇ ਵਿੱਚ ਹਨ। ਐਡਵੋਕੇਟ ਤਾਨਿਆ ਤਬੱਸੁਮ ਨੇ ਕਿਹਾ ਕਿ ਹਰ ਘਟਨਾ ਤੋਂ ਬਾਅਦ ਔਰਤਾਂ ਦਾ ਹੌਸਲਾ ਵਧਦਾ ਜਾ ਰਿਹਾ ਹੈ ਤੇ ਔਰਤਾਂ ਵੱਧ ਤੋਂ ਵੱਧ ਇਸ ਮੋਰਚੇ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਆਗੂ ਸਰੋਜ ਰਾਣੀ ਦਿਆਲਪੁਰਾ, ਜਸਵਿੰਦਰ ਕੌਰ ਝੇਰਿਆਂਵਾਲੀ ਅਤੇ ਰਾਣੀ ਕੌਰ ਭੰਮੇ ਨੇ ਕਿਹਾ ਕਿ ਬੀਬੀਆਂ ਦੀਆਂ ਸ਼ਹੀਦੀਆਂ ਅਜਾਈਂ ਨਹੀਂ ਜਾਣਗੀਆਂ।