ਪੱਤਰ ਪ੍ਰੇਰਕ
ਮਾਨਸਾ, 12 ਅਕਤੂਬਰ
ਗੁਲਾਬੀ ਸੁੰਡੀ-ਚਿੱਟੀ ਮੱਖੀ ਦੇ ਝੰਬੇ ਕਿਸਾਨ ਅੱਜ ਖੇਤੀਬਾੜੀ ਮੇਲੇ ਦੌਰਾਨ ਸੁਧਰੇ ਬੀਜ ਲੈਣ ਦੀ ਉਮੀਦ ਨਾਲ ਆਏ ਵੱਡੀ ਪੱਧਰ ’ਤੇ ਕਿਸਾਨਾਂ ਨੂੰ ਬੇਰੰਗ ਮੁੜਨਾ ਪਿਆ। ਖੇਤੀਬਾੜੀ ਮਹਿਕਮੇ ਦੇ ਇਸ ਮੇਲੇ ਦੌਰਾਨ ਪਿੰਡਾਂ ’ਚੋਂ ਆਏ ਕਿਸਾਨਾਂ ਨੂੰ ਇਹ ਵੱਡੀ ਆਸ ਸੀ ਕਿ ਅੱਜ ਖੇਤੀਬਾੜੀ ਯੂਨੀਵਰਸਿਟੀ ਦੇ ਮੇਲੇ ਦੌਰਾਨ ਹਾੜ੍ਹੀ ਦੇ ਬੀਜਾਂ ਨੂੰ ਵੰਡਿਆ ਜਾਵੇਗਾ, ਪਰ ਮੇਲੇ ਦੌਰਾਨ ਅਜਿਹੀਆਂ ਕੋਈ ਸਰਕਾਰੀ ਸਟਾਲਾਂ ਨਾ ਲੱਗਣ ਕਾਰਨ ਕਿਸਾਨਾਂ ਨੂੰ ਬੀਜ ਹਾਸਲ ਨਾ ਹੋ ਸਕਿਆ। ਬੀਜ ਲੈਣ ਆਏ ਕਿਸਾਨਾਂ ਨੂੰ ਖੇਤੀ ਅਧਿਕਾਰੀਆਂ ਦੇ ਭਾਸ਼ਣ ਸੁਣਨੇ ਪਏ। ਖੇਤੀਬਾੜੀ ਮਹਿਕਮੇ ਅਨੁਸਾਰ ਇਸ ਮੇਲੇ ਵਿੱਚ 1800 ਤੋਂ ਵੱਧ ਕਿਸਾਨਾਂ ਵੱਲੋਂ ਭਾਗ ਲਿਆ ਗਿਆ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਨੂੰ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸੰਬੋਧਨ ਕੀਤਾ। ਉਨ੍ਹਾਂ ਮੱਕੀ ਦੀ ਫਸਲ ’ਤੇ ਰਾਜ ਸਰਕਾਰ ਵੱਲੋਂ ਐਮਐਸਪੀ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਖਾਦਾਂ/ਕੀੜੇਮਾਰ ਜ਼ਹਿਰਾਂ ਦੀ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਾਨਸਾ ਦੇ ਐਸ.ਡੀ.ਐਮ. ਹਰਜਿੰਦਰ ਸਿੰਘ ਜੱਸਲ ਨੇ ਕਿਹਾ ਕਿ ਉਹ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖੇਤੀ ਕਰਨ ਅਤੇ ਪ੍ਰਾਈਵੇਟ ਲੋਕਾਂ ਦੇ ਝਾਂਸਿਆਂ ਤੋਂ ਦੂਰ ਰਹਿਣ।