ਪਵਨ ਗੋਇਲ
ਭੁੱਚੋ ਮੰਡੀ, 1 ਅਕਤੂਬਰ
ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ 1 ਤੋਂ 7 ਅਕਤੂਬਰ ਤਕ ਕਾਰਪੋਰੇਟ ਘਰਾਣਿਆਂ ਅਤੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਵਿੱਢੀ ਆਰ-ਪਾਰ ਦੀ ਲੜਾਈ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਨਥਾਣਾ, ਮੌੜ ਅਤੇ ਰਾਮਪੁਰਾ ਦੇ ਕਿਸਾਨਾਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ‘ਤੇ ਲਹਿਰਾ ਬੇਗਾ ਟੌਲ ਪਲਾਜ਼ਾ, ਵਾਲਮਾਰਟ ਕੰਪਨੀ ਦੇ ਬੈਸਟ ਪ੍ਰਾਈਸ ਮਾਲ ਅਤੇ ਐੱਸਆਰ ਪੈਟਰੋਲ ਪੰਪ ਦਾ ਦਿਨ-ਰਾਤ ਸੱਤ ਦਿਨ ਲਈ ਘਿਰਾਓ ਕੀਤਾ।
ਇਸ ਦੌਰਾਨ ਕਿਸਾਨਾਂ ਨੇ ਟੌਲ ਪਲਾਜ਼ਾ ’ਤੇ ਵਾਹਨਾਂ ਦੀ ਟੌਲ ਵਸੂਲੀ ਬੰਦ ਕਰਵਾ ਦਿੱਤੀ ਅਤੇ ਬੈਸਟ ਪ੍ਰਾਈਸ ਦੇ ਮੈਨੇਜਰ ਅਸ਼ੀਸ਼ ਸ਼ਰਮਾ ਸਮੇਤ ਸਾਰੇ ਮੁਲਾਜ਼ਮਾਂ ਨੂੰ ਮਾਲ ਵਿਚੋਂ ਬਾਹਰ ਕੱਢ ਦਿੱਤਾ। ਇਸ ਘਿਰਾਓ ਦੌਰਾਨ ਅਤੇ ਪਿੰਡਾਂ ਵਿਚੋਂ ਚੱਲਣ ਮੌਕੇ ਕਿਸਾਨਾਂ ਨੇ ਮੋਦੀ ਅਤੇ ਅੰਬਾਨੀ ਦੀ ਫੋਟੋ ’ਤੇ ਜੁੱਤੀਆਂ ਮਾਰੀਆਂ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਔਰਤ ਵਿੰਗ ਦੀ ਸੂਬਾਈ ਸਕੱਤਰ ਹਰਿੰਦਰ ਕੌਰ ਬਿੰਦੂ, ਹੁਸ਼ਿਆਰ ਸਿੰਘ, ਸੁਖਦੇਵ ਜਵੰਧਾ, ਦਰਸ਼ਨ ਸਿੰਘ ਤੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕਾਲੇ ਤੇ ਲੋਕ ਮਾਰੂ ਕਨੂੰਨ ਪਾਸ ਕਰ ਕੇ ਕਿਰਤੀਆਂ ਨੂੰ ਹੋਰ ਗ਼ਰੀਬ ਅਤੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਅਮੀਰ ਕਰਨ ਦੇ ਰਾਹ ਪਈ ਹੋਈ ਹੈ ਪਰ ਕਿਸਾਨ ਇਨ੍ਹਾਂ ਦੇ ਮਨਸੂਬੇ ਸਫ਼ਲ ਨਹੀਂ ਹੋਣ ਦੇਣਗੇ। 7 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਨਥਾਣਾ ਵੱਲੋਂ ਕੌਮੀ ਮਾਰਗ ‘ਤੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਕੀਤਾ ਗਿਆ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖ਼ਾਈ ਦੀ ਅਗਵਾਈ ਹੇਠ ਰਿਲਾਇੰਸ ਪੈਟਰੋਲ ਪੰਪ ਵਲੂਰ ਦਾ ਘਿਰਾਓ ਕਰ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪ੍ਰਧਾਨ ਮਰਖਾਈ ਨੇ ਕਿਹਾ ਕਿ ਜਿਸ ਤਰ੍ਹਾਂ ਪਿੰਡ ਬਾਦਲ ਵਿਚ ਪੱਕੇ ਧਰਨੇ ਲਗਾ ਕੇ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ, ਉਸੇ ਤਰ੍ਹਾਂ ਅੰਬਾਨੀਆਂ, ਅਡਾਨੀਆਂ ਦੇ ਪੰਜਾਬ ਵਿਚੋਂ ਸਾਰੇ ਕਾਰੋਬਾਰ ਬੰਦ ਕਰਵਾਏ ਜਾਣਗੇ। ਇਸ ਮੌਕੇ ਕੁਲਵੰਤ ਸਿੰਘ, ਮੇਲਾ ਸਿੰਘ, ਵਰਿੰਦਰ ਸਿੰਘ, ਕਰਨੈਲ ਸਿੰਘ ਹਾਜ਼ਰ ਸਨ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ/ਮਲਕੀਤ ਸਿੰਘ ਟੋਨੀ ਛਾਬੜ): ਜਲਾਲਾਬਾਦ-ਫਾਜ਼ਿਲਕਾ ਸੜਕ ਤੇ ਪੈਂਦੇ ਰਿਲਾਇੰਸ ਪੈਟਰੋਲ ਪੰਪ ਦਾ ਕਿਸਾਨਾਂ ਨੇ ਘਿਰਾਓ ਕੀਤਾ। ਅੱਜ ਦੇ ਪ੍ਰਦਰਸ਼ਨ ਦੌਰਾਨ ਈਟੀਟੀ ਯੂਨੀਅਨ, ਤਰਕਸ਼ੀਲ ਸੁਸਾਇਟੀ, ਪਾਵਰਕੌਮ ਐਂਡ ਟਰਾਂਸਕੋ ਯੂਨੀਅਨ ਨੇ ਸਹਿਯੋਗ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ, ਸਤਪਾਲ ਸਿੰਘ, ਹਰਮੀਤ ਸਿੰਘ, ਜਸਵੰਤ ਸਿੰਘ ਹਾਜ਼ਰ ਸਨ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਅੱਜ ਪਿੰਡ ਭੋਤਨਾ ਵਿਚ ਕਸਾਨਾਂ ਨੇ ਬਰਨਾਲਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਸਥਿਤ ‘ਐਸਾਰ’ ਕੰਪਨੀ ਦੇ ਪੈਟਰੋਲ ਪੰਪ ’ਤੇ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਚਮਕੌਰ ਸਿੰਘ ਨੈਣੇਵਾਲ, ਸੁਖਦੇਵ ਸਿੰਘ ਭੋਤਨਾ, ਦਰਸ਼ਨ ਸਿੰਘ ਅਤੇ ਗੁਰਨਾਮ ਸਿੰਘ ਨੇ ਸੰਬੋਧਨ ਕੀਤਾ।
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਅੱਜ ਪਿੰਡ ਧੌਲਾ ਵਿਚ ਚੱਲ ਰਹੇ ਐਸਾਰ ਕੰਪਨੀ ਦੇ ਪੈਟਰੋਲ ਪੰਪ ’ਤੇ ਸੈਂਕੜੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਅਤੇ ਕੇਂਦਰ ਮੋਦੀ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਇਸ ਮੌਕੇ ਡਿਊਟੀ ਮੈਜਿਸਟਰੇਟ ਅਵਤਾਰ ਸਿੰਘ ਅਤੇ ਧਾਣਾ ਰੂੜੇਕੇ ਕਲਾਂ ਦੀ ਪੁਲੀਸ ਪਾਰਟੀ ਵੀ ਮੁਸਤੈਦ ਸੀ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਪੂਰਨ ਸਿੰਘ ਦੋਦਾ ਅਤੇ ਗੁਰਭਗਤ ਸਿੰਘ ਭਲਾਈਆਣਾ ਦੀ ਅਗਵਾਈ ਹੇਠ ਬਠਿੰਡਾ-ਮਲੋਟ ਰਾਸ਼ਟਰੀ ਰਾਜ ਮਾਰਗ ‘ਤੇ ਗਿੱਦੜਬਾਹਾ ਨੇੜੇ ਰਿਲਾਇੰਸ ਕੰਪਨੀ ਦੇ ਤੇਲ ਪੰਪ ਅੱਗੇ ਧਰਨਾ ਲਾ ਕੇ ਪੈਟਰੋਲ ਪੰਪ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਡਾਨੀ, ਅੰਬਾਨੀ ਦੇ ਪੁਤਲਿਆਂ ਨੂੰ ਛਿੱਤਰਾਂ ਨਾਲ ਕੁੱਟ ਕੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਗੁੱਸੇ ਦਾ ਇਜ਼ਹਾਰ ਕੀਤਾ।
ਮਹਿਲ ਕਲਾਂ (ਨਵਕਿਰਨ ਸਿੰਘ): ਅੱਜ ਕਿਸਾਨ ਯੂਨੀਅਨ ਆਗੂਆਂ ਨੇ ਬਰਨਾਲਾ- ਲੁਧਿਆਣਾ ਮੁੱਖ ਮਾਰਗ ’ਤੇ ਮਹਿਲ ਕਲਾਂ ਵਿਚ ਟੌਲ ਪਲਾਜ਼ੇ ਤੇ ਰਿਲਾਇੰਸ ਪੈਟਰੋਲ ਪੰਪ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਅਤੇ ਟੌਲ ਪਲਾਜ਼ਾ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਨੂੰ ਬਿਨਾਂ ਟੌਲ ਟੈਕਸ ਦਿੱਤੇ ਲੰਘਾਇਆ। ਇਸ ਮੌਕੇ ਮਨਜੀਤ ਸਿੰਘ ਧਨੇਰ, ਜਗਰਾਜ ਸਿੰਘ, ਜਗਸੀਰ ਸਿੰਘ, ਗੁਰਧਿਆਨ ਸਿੰਘ ਅਤੇ ਪਵਿੱਤਰ ਲਾਲੀ ਮੌਜੂਦ ਸਨ।
ਭਦੌੜ (ਰਾਜਿੰਦਰ ਵਰਮਾ): ਕਿਸਾਨਾਂ ਨੇ ਰਿਲਾਇੰਸ ਪੈਟਰੋਲ ਪੰਪ ’ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬਲਾਕ ਸਕੱਤਰ ਕੁਲਵੰਤ ਸਿੰਘ ਮਾਨ, ਮਾਸਟਰ ਰਾਜਿੰਦਰ ਭਦੌੜ, ਭੋਲਾ ਸਿੰਘ ਛੰਨਾ, ਮਨਪ੍ਰੀਤ ਸਿੰਘ ਅਤੇ ਰਾਮ ਸਿੰਘ ਮੌਜੂਦ ਸਨ।
ਰਿਲਾਇੰਸ ਨੂੰ ਪਿਆ ਘਾਟਾ
ਭਦੌੜ: ਕਿਸਾਨਾਂ ਵੱਲੋਂ ਰਿਲਾਇੰਸ ਪੰਪ ’ਤੇ ਲੱਗੇ ਧਰਨੇ ਕਾਰਨ ਪੰਪਾਂ ’ਤੇ ਅੱਜ ਕੋਈ ਵੀ ਤੇਲ ਪਵਾਉਣ ਨਹੀਂ ਗਿਆ। ਇਸ ਕਰਕੇ ਪੰਪ ਮਾਲਕਾਂ ਨੂੰ ਵੱਡਾ ਘਾਟਾ ਪਿਆ। ਰਿਲਾਇੰਸ ਪੰਪ ਦੇ ਮੈਨੇਜਰ ਕਮਲਦੀਪ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਚਾਰ ਲੱਖ ਰੁਪਏ ਦਾ ਡੀਜ਼ਲ ਅਤੇ ਪੈਟਰੋਲ ਵਿਕਦਾ ਹੈ ਪਰ ਅੱਜ ਕਿਸਾਨਾਂ ਵੱਲੋਂ ਲਗਾਏ ਧਰਨੇ ਕਾਰਨ ਪੰਪ ਬੰਦ ਰਿਹਾ।