ਨਵੀਂ ਦਿੱਲੀ:
ਸੁਪਰੀਮ ਕੋਰਟ ਨੇ ਗੁੰਮਰਾਹਕੁਨ/ਭਰਮਾਊ ਇਸ਼ਤਿਹਾਰਬਾਜ਼ੀ ਕੇਸ ਵਿਚ ਯੋਗ ਗੁਰੂ ਰਾਮਦੇਵ, ਉਸ ਦੇ ਸਾਥੀ ਬਾਲਕ੍ਰਿਸ਼ਨ ਤੇ ਪਤੰਜਲੀ ਆਯੂਰਵੇਦ ਲਿਮਟਿਡ ਨੂੰ ਜਾਰੀ ਹੱਤਕ ਨੋਟਿਸ ’ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਹਿਮਾ ਕੋਹਲੀ ਤੇ ਜਸਟਿਸ ਅਹਿਸਾਨੂਦੀਨ ਅਮਾਨੁੱਲ੍ਹਾ ਦੇ ਬੈਂਚ ਨੇ ਨੋਟਿਸ ਲਿਆ ਕਿ ਫਰਮ ਵੱਲੋਂ ਪੇਸ਼ ਵਕੀਲ ਨੇ ਹਲਫ਼ਨਾਮਾ ਦਾਇਰ ਕਰਨ ਲਈ ਸਮਾਂ ਮੰਗਿਆ ਹੈ। ਹਲਫ਼ਨਾਮੇ ਵਿਚ, ਪਤੰਜਲੀ ਦੇ ਜਿਨ੍ਹਾਂ ਉਤਪਾਦਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ, ਉਨ੍ਹਾਂ ਨਾਲ ਸਬੰਧਤ ਭਰਮਾਊ ਇਸ਼ਤਿਹਾਰ ਵਾਪਸ ਲੈਣ ਲਈ ਹੁਣ ਤੱਕ ਚੁੱਕੇ ਕਦਮਾਂ ਬਾਰੇ ਬਿਊਰਾ ਦਰਜ ਹੋਵੇਗਾ। ਬੈਂਚ ਨੇ ਤਿੰਨ ਹਫ਼ਤਿਆਂ ਵਿਚ ਹਲਫਨਾਮਾ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਬੈਂਚ ਨੇ ਕਿਹਾ, ‘‘ਪ੍ਰਤੀਵਾਦੀ ਨੰਬਰ 5 ਤੋਂ 7(ਪਤੰਜਲੀ ਆਯੂਰਵੇਦ ਲਿਮਟਿਡ, ਬਾਲਕ੍ਰਿਸ਼ਨ ਤੇ ਰਾਮਦੇਵ) ਨੂੰ ਜਾਰੀ ਹੱਤਕ ਨੋਟਿਸ ’ਤੇ ਫ਼ੈਸਲਾ ਰਾਖਵਾਂ ਰੱਖਿਆ ਜਾਂਦਾ ਹੈ।’’
ਉਂਜ ਸੁਣਵਾਈ ਦੌਰਾਨ ਬੈਂਚ ਨੇ ਪਤੰਜਲੀ ਆਯੂਰਵੇਦ ਦੇ ਭਰਮਾਊ ਇਸ਼ਤਿਹਾਰਾਂ ਨਾਲ ਸਬੰਧਤ ਕੇਸ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਪ੍ਰਧਾਨ ਆਰਵੀ ਅਸ਼ੋਕਨ ਵੱਲੋਂ ਮੰਗੀ ਬਿਨਾਂ ਸ਼ਰਤ ਮੁਆਫ਼ੀ ਨੂੰ ਇਸ ਪੜਾਅ ’ਤੇ ਮੰਨਣ ਤੋਂ ਇਨਕਾਰ ਕਰ ਦਿੱਤਾ। ਅਸ਼ੋਕਨ ਨੇ ਇਸ ਕੇਸ ਨੂੰ ਲੈ ਕੇ ‘ਪੀਟੀਆਈ’ ਨੂੰ ਦਿੱਤੀ ਇੰਟਰਵਿਊ ਵਿਚ ਸੁਪਰੀਮ ਕੋਰਟ ਖਿਲਾਫ਼ ਦਿੱਤੇ ਬਿਆਨ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਸਰਬਉੱਚ ਅਦਾਲਤ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਸੀ। ਜਸਟਿਸ ਹਿਮਾ ਕੋਹਲੀ ਤੇ ਜਸਟਿਸ ਅਹਿਸਾਨੂਦੀਨ ਅਮਾਨੁੱਲ੍ਹਾ ਨੇ ਕੇਸ ਦੀ ਸੁਣਵਾਈ ਦੌਰਾਨ ਅਸ਼ੋਕਨ ਨੂੰ ਕੁਝ ਤਿੱਖੇ ਸਵਾਲ ਵੀ ਪੁੱਛੇ। ਬੈਂਚ ਨੇ ਕਿਹਾ, ‘‘ਤੁਸੀਂ ਸੋਫ਼ੇ ’ਤੇ ਬੈਠ ਕੇ ਪ੍ਰੈੱਸ ਨੂੰ ਇੰਟਰਵਿਊ ਦਿੰਦਿਆਂ ਕੋਰਟ ਨੂੰ ਨਹੀਂ ਭੰਡ ਸਕਦੇ।’’ ਅਦਾਲਤ ਨੇ ਅਸ਼ੋਕਨ ਵੱਲੋਂ ਪੇਸ਼ ਸੀਨੀਅਰ ਵਕੀਲ ਪੀਐੱਸ ਪਟਵਾਲੀਆ ਨੂੰ ਸਾਫ਼ ਕਰ ਦਿੱਤਾ ਕਿ ਉਹ ਇਸ ਪੜਾਅ ’ਤੇ ਉਸ ਦਾ ਬਿਨਾਂ ਸ਼ਰਤ ਮੁਆਫ਼ੀ ਮੰਗਦਾ ਹਲਫ਼ਨਾਮਾ ਸਵੀਕਾਰ ਨਹੀਂ ਕਰ ਸਕਦੇ। ਅਸ਼ੋਕਨ ਨੇ ਹਲਫ਼ਨਾਮੇ ਵਿਚ ਕਿਹਾ ਕਿ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਕਿ ਉਸ ਨੂੰ ਇੰਟਰਵਿਊ ਵਿਚ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਸਨ ਜਦੋਂਕਿ ਮਾਮਲਾ ਕੋਰਟ ਦੇ ਵਿਚਾਰ ਅਧੀਨ ਸੀ। ਅਸ਼ੋਕਨ ਨੇ ਕਿਹਾ ਕਿ ਉਸ ਦਾ ਸੁਪਰੀਮ ਕੋਰਟ ਦੇ ਗੌਰਵ ਨੂੰ ਘਟਾਉਣ ਜਾਂ ਨਿਰਾਦਰ ਕਰਨ ਦਾ ਕੋਈ ਇਰਾਦਾ ਨਹੀਂ ਸੀ। ਸੁਪਰੀਮ ਕੋਰਟ ਨੇ ਪਤੰਜਲੀ ਆਯੂਰਵੇਦ ਵੱਲੋਂ ਦਾਇਰ ਅਪੀਲ ’ਤੇ 7 ਮਈ ਨੂੰ ਅਸ਼ੋਕਨ ਤੋਂ ਜਵਾਬ ਮੰਗਿਆ ਸੀ। ਪਟਵਾਲੀਆ ਨੇ ਕਿਹਾ, ‘‘ਅਸੀਂ ਤੁਹਾਡਾ ਇਸ਼ਾਰਾ ਸਮਝ ਗਏ ਹਾਂ। ਸਾਨੂੰ ਇਕ ਮੌਕੇ ਦੀ ਲੋੜ ਹੈ ਤੇ ਅਸੀਂ ਇਸ ਨੂੰ ਦਰੁਸਤ ਕਰ ਲਵਾਂਗੇ।’ ਬੈਂਚ ਨੇ ਕੇਸ ਦੀ ਅਗਲੀ ਸੁਣਵਾਈ ਜੁਲਾਈ ਲਈ ਨਿਰਧਾਰਿਤ ਕੀਤੀ ਹੈ। -ਪੀਟੀਆਈ