ਜੋਗਿੰਦਰ ਸਿੰਘ ਮਾਨ
ਮਾਨਸਾ, 8 ਅਪਰੈਲ
ਪਰਲ ਕੰਪਨੀ ਦੇ ਪੀੜਤਾਂ ਨੇ ਹੁਣ ਇਨਸਾਫ਼ ਲਈ ਸੰਘਰਸ਼ ਤੇਜ਼ ਕਰਦਿਆਂ ਪੰਜਾਬ ਸਰਕਾਰ ਤੋਂ ਵਿਆਜ ਸਮੇਤ ਰਕਮ ਵਾਪਸ ਕਰਵਾਉਣ ਲਈ ਦੀ ਮੰਗ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਪਰਲ ਕੰਪਨੀ ਦੀਆਂ ਮਾਲਵਾ ਖੇਤਰ ਵਿੱਚ ਕਾਫੀ ਥਾਵਾਂ ’ਤੇ ਜ਼ਮੀਨਾਂ ਪਈਆਂ ਹਨ, ਜਿਨ੍ਹਾਂ ਨੂੰ ਵੇਚ ਕੇ ਲੋਕਾਂ ਦਾ ਪੈਸਾ ਮੋੜਿਆ ਜਾ ਸਕਦਾ ਹੈ। ਇਸ ਸਬੰਧੀ ਕਾਨੂੰਨੀ ਚਾਰਾਜੋਈ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰ ਕੰਪਨੀ ਦੇ ਪ੍ਰਬੰਧਕਾਂ ਨਾਲ ਰਲੀਆਂ ਹੋਈਆਂ ਸਨ ਅਤੇ ਹੁਣ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਤੋਂ ਆਸ ਹੈ ਕਿ ਉਹ ਲੋਕਾਂ ਦੇ ਡੁੱਬੇ ਹੋਏ ਪੈਸੇ ਵਾਪਸ ਕਰਵਾਉਣ ਵਿੱਚ ਸਹਾਇਤਾ ਕਰ ਸਕਦੀ ਹੈ। ਅੱਜ ਇਥੇ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਨਸਾਫ਼ ਦੀ ਆਵਾਜ਼ ਜਥੇਬੰਦੀ ਦੇ ਆਗੂ ਸੂਬੇਦਾਰ ਮੇਜਰ ਜਗਦੇਵ ਸਿੰਘ ਨੇ ਦੱਸਿਆ ਕਿ ਹਲਕਾ ਬੁਢਲਾਡਾ ਵਿੱਚ ਪਿੰਡ ਕਲੀਪੁਰ, ਦਾਤੇਵਾਸ, ਫੁਲੂਵਾਲਾ ਡੋਡ ਤੇ ਸਿਰਸੀਵਾਲਾ ਵਿੱਚ ਪਰਲ ਕੰਪਨੀ ਦੀ ਤਕਰੀਬਨ 207 ਏਕੜ ਜ਼ਮੀਨ ਅਤੇ ਹਲਕਾ ਸਰਦੂਲਗੜ੍ਹ ਵਿੱਚ ਪਿੰਡ ਰਾਏਪੁਰ ਤੇ ਝੇਰਿਆਂਵਾਲੀ ਵਿਖੇ 118 ਏਕੜ ਜ਼ਮੀਨ ਹੈ, ਜਿਸ ਉਪਰ ਹੁਣ ਵੀ ਪਿਛਲੀ ਕਾਂਗਰਸ ਸਰਕਾਰ ਦੀ ਸ਼ਹਿ ਉੱਤੇ ਲੈਂਡ ਮਾਫੀਆ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਇਸ ਮਸਲੇ ਵੱਲ ਜ਼ਰੂਰ ਧਿਆਨ ਦੇਣ ਤਾਂ ਜੋ ਲੋਕਾਂ ਦਾ ਚਿਰਾਂ ਤੋਂ ਡੁੱਬਿਆ ਹੋਇਆ ਪੈਸਾ ਉਨ੍ਹਾਂ ਨੂੰ ਵਾਪਸ ਮਿਲ ਸਕੇ। ਇਸ ਮੌਕੇ ਪ੍ਰਗਟ ਸਿੰਘ, ਹਰਵਿੰਦਰ ਕੁਮਾਰ, ਹੈਪੀ ਸਿੰਘ ਬੋੜਾਵਾਲ, ਨਾਇਬ ਸਿੰਘ ਤੇ ਹੋਰ ਹਾਜ਼ਰ ਸਨ।