ਜੋਗਿੰਦਰ ਸਿੰਘ ਮਾਨ
ਮਾਨਸਾ, 30 ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਮਾਨਸਾ ਰੇਲਵੇ ਸਟੇਸ਼ਨ ਉੱਪਰ ਦੈਨਿਕ ਐਕਸਪ੍ਰੈੱਸ ਰਾਹੀਂ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ-ਮਜ਼ਦੂਰਾਂ ਦੇ ਵੱਡੇ ਕਾਫਲੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਮਨਜੀਤ ਸਿੰਘ ਸੋਢੀ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਇਸ ਕਾਫ਼ਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਪੰਜਾਬ ਕਿਸਾਨ ਯੂਨੀਅਨ ਅਤੇ ਵੱਖ-ਵੱਖ ਜਥੇਬੰਦੀਆਂ ਦੇ 500 ਤੋਂ ਉੱਪਰ ਮਜ਼ਦੂਰ-ਕਿਸਾਨ ਸ਼ਾਮਲ ਹੋਏ।
ਕਾਮਰੇਡ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਮਜ਼ਦੂਰਾਂ-ਕਿਸਾਨਾਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਹਮਲਿਆਂ ਖਿਲਾਫ਼ ਡਟੇ ਕਿਸਾਨਾਂ ਦੇ ਅੰਦੋਲਨ ਦੀ ਹਰ ਪੱਖੋਂ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਦਿੱਲੀ ਵੱਲ ਕੂਚ ਕਰਨ ਦੀ ਅਪੀਲ ਕੀਤੀ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਦਿੱਲੀ ਮੋਰਚਿਆਂ ਦੀ ਮਜ਼ਬੂਤੀ ਲਈ ਪੰਜਾਬ ਭਰ ਤੋਂ ਮੁੜ ਕਿਸਾਨਾਂ ਨੇ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਲੰਮਾ ਸਮਾਂ ਚਲਾਉਣ ਲਈ ਨਵੀਆਂ ਵਿਉਂਤਬੰਦੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਭਰ ਤੋਂ ਟਰੈਕਟਰਾਂ ਤੇ ਕਾਰਾਂ ਰਾਹੀਂ ਵੱਡੀ ਗਿਣਤੀ ਕਿਸਾਨ ਦਿੱਲੀ ਬਾਰਡਰਾਂ ’ਤੇ ਪਹੁੰਚ ਰਹੇ ਹਨ। ਇਸੇ ਤਹਿਤ ਬਲਾਕ ਜ਼ੀਰਾ ਦੇ ਪਿੰਡ ਲੌਂਗੋਦੇਵਾ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਾਗੂ ਕੀਤੇ ਗਏ ਕਾਲੇ ਕਾਨੂੰਨ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਅਤੇ ਹੋਰ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਨ ਤੱਕ ਡਟੀਆਂ ਰਹਿਣਗੀਆਂ। ਇਸ ਮੌਕੇ ਜਗਤਾਰ ਸਿੰਘ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਜਸਮੇਲ ਸਿੰਘ, ਨਿਰਮਲ ਸਿੰਘ ,ਪਰਗਟ ਸਿੰਘ, ਸਤਨਾਮ ਸਿੰਘ, ਜਸਪ੍ਰੀਤ ਸਿੰਘ, ਗੁਰਲਾਭ ਸਿੰਘ ਆਦਿ ਸ਼ਾਮਲ ਸਨ।
ਭੁੱਚੋ ਮੰਡੀ (ਪਵਨ ਗੋਇਲ): ਦਿੱਲੀ ਸੰਘਰਸ਼ ਦੀ ਮਜ਼ਬੂਤੀ ਲਈ ਪਿੰਡ ਭੁੱਚੋ ਕਲਾਂ ਦੇ ਕਿਸਾਨਾਂ ਨੇ ਭਾਕਿਯੂ ਏਕਤਾ ਡਕੌਂਦਾ ਦੇ ਪਿੰਡ ਇਕਾਈ ਪ੍ਰਧਾਨ ਤੇਜਾ ਸਿੰਘ ਅਤੇ ਆਗੂ ਭੋਲਾ ਸਿੰਘ ਦੀ ਅਗਵਾਈ ਵਿੱਚ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ। ਕਿਸਾਨ ਆਗੂ ਤੇਜਾ ਸਿੰਘ ਨੇ ਕਿਹਾ ਕਿ ਉਹ ਦਿੱਲੀ ਸੰਘਰਸ਼ ਨੂੰ ਕਮਜ਼ੋਰ ਨਹੀਂ ਹੋਣ ਦੇਣਗੇ। ਮੋਦੀ ਸਰਕਾਰ ਦੀ ਹਰ ਸਾਜ਼ਿਸ਼ ਨੂੰ ਸ਼ਾਂਤਮਈ ਢੰਗ ਨਾਲ ਨਾਕਾਮ ਕਰਨਗੇ। ਇਸ ਜੱਥੇ ਨੂੰ ਰਵਾਨਾ ਕਰਨ ਸਮੇਂ ਸਰਪੰਚ ਗੁਰਪ੍ਰੀਤ ਸਰਾਂ, ਪੰਚ ਹਰਭਜਨ ਸਿੰਘ ਪੰਚ ਹਰਬੰਸ ਭੁੱਲਰ, ਪੰਚ ਪਰਿੰਦਰ ਪੈਵੀ, ਗੁਰਪਾਲ ਸਿੰਘ ਕੈਨੇਡਾ, ਬੰਤਾ ਸਿੰਘ ਨੰਬਰਦਾਰ, ਵੀਰ ਸਿੰਘ ਅਕਾਲੀ, ਗੁਰਪ੍ਰੀਤ ਸ਼ੇਰਗਿੱਲ, ਕਰਮਜੀਤ ਢਿੱਲੋਂ, ਅੰਮ੍ਰਿਤ ਗੌੜ, ਪ੍ਰਕਾਸ਼ ਸ਼ਰਮਾ, ਸਰਜਾ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਅੱਜ ਕਸਬਾ ਸ਼ਹਿਣਾ ਤੇ ਲਾਗਲੇ ਪਿੰਡ ਉਗੋਕੇ ਤੋਂ ਕਿਸਾਨਾਂ ਦੇ ਕਾਫ਼ਲੇ ਦਿੱਲੀ ਸੰਘਰਸ਼ ਲਈ ਰਵਾਨਾ ਹੋਏ। ਸ਼ਹਿਣਾ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਆਗੂ ਰੋਸ਼ਨ ਸ਼ਰਮਾ ਦੀ ਅਗਵਾਈ ਹੇਠ 15 ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਸੇ ਤਰ੍ਹਾਂ ਪਿੰਡ ਉਗੋਕੇ ਤੋਂ ਵੀ ਲਗਾਤਾਰ ਕਾਫ਼ਲੇ ਸੰਘਰਸ਼ ਵਿਚ ਭਾਗ ਲੈਣ ਲਈ ਜਾ ਰਹੇ ਹਨ। ਪਿੰਡ ਤੋਂ ਹਰ 15 ਦਿਨਾਂ ਬਾਅਦ 15 ਤੋਂ 20 ਬੰਦਿਆਂ ਦਾ ਕਾਫ਼ਲਾ ਦਿੱਲੀ ਜਾ ਰਿਹਾ ਹੈ ਅਤੇ ਇਹ ਸਿਲਸਿਲਾ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਜਾਰੀ ਹੈ। ਕਿਸਾਨ ਆਗੂ ਲਾਭ ਸਿੰਘ ਉਗੋਕੇ ਨੇ ਦੱਸਿਆ ਕਿ ਆਉਦੇ ਦਿਨਾਂ ‘ਚ ਬਲਾਕ ਸ਼ਹਿਣਾ ਦੇ ਸਾਰੇ ਪਿੰਡਾਂ ‘ਚ ਜਾਗ੍ਰਿਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।