ਪੱਤਰ ਪ੍ਰੇਰਕ
ਮਾਨਸਾ, 18 ਜੂਨ
ਮਾਲਵਾ ਖੇਤਰ ਵਿੱਚ ਕਈ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਸਣੇ ਹੋਰ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੀ ਆਰਥਿਕਤਾ ਨੂੰ ਬਚਾਉਣ ਲਈ ਨਰਮੇ ਉੱਤੇ ਹੋ ਰਹੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਠੱਲ੍ਹਣ ਲਈ ਹੁਣੇ ਤੋਂ ਠੋਸ ਉਪਰਾਲੇ ਕਰਨੇ ਆਰੰਭ ਕਰ ਦੇਣੇ ਚਾਹੀਦੇ ਹਨ। ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਉਂ-ਜਿਉਂ ਨਰਮੇ ਵੱਲੋਂ ਫੁੱਲ ਬੂੱਕੀ ਚੱਕੀ ਜਾਣ ਲੱਗੀ ਹੈ, ਤਿਉਂ-ਤਿਉਂ ਕਿਸਾਨਾਂ ਨੂੰ ਫੁੱਲਾਂ ’ਚੋਂ ਗੁਲਾਬੀ ਸੁੰਡੀਆਂ ਅਤੇ ਉਨ੍ਹਾਂ ਦੇ ਲਾਰਵੇ ਮਿਲਣੇ ਆਰੰਭ ਹੋ ਗਏ ਹਨ। ਇਸ ਤੋਂ ਜਾਪਦਾ ਹੈ ਕਿ ਇਸ ਵਾਰ ਵੀ ਪਿਛਲੇ ਸਾਲ ਵਾਂਗੂ ਨਰਮੇ ਨੂੰ ਸੁੰਡੀ ਨੇ ਚੱਟ ਕੇ ਰੱਖ ਦੇਣਾ ਹੈ। ਪੰਚਾਇਤਾਂ ਵੱਲੋਂ ਭਾਵੇਂ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਬਣਾਇਆ ਹੋਇਆ ਹੈ ਪਰ ਕਈ ਥਾਵਾਂ ’ਤੇ ਕਿਸਾਨਾਂ ਨੇ ਨਰਮੇ ਨੂੰ ਵਹੁਣਾ ਸ਼ੁਰੂ ਕਰ ਦਿੱਤਾ ਹੈ। ਇਸ ਸੁੰਡੀ ਤੋਂ ਬਚਾਅ ਲਈ ਵਿਭਾਗ ਵੱਲੋਂ ਅਜੇ ਤੱਕ ਸਮੁੱਚੀ ਨਰਮਾ ਪੱਟੀ ਵਿੱਚ ਕੋਈ ਵੱਡੀ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ।
ਮਾਨਸਾ ਖੁਰਦ ਦੇ ਸਰਪੰਚ ਕੁਲਜੀਤ ਸਿੰਘ ਮਾਨਸ਼ਾਹੀਆ, ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਅਤੇ ਪਿੰਡ ਬੱਪੀਆਣਾ ਦੇ ਸਰਪੰਚ ਕੁਲਦੀਪ ਸਿੰਘ ਸੇਖੋਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਪਾਸੇ ਵੱਲ ਤੁਰੰਤ ਧਿਆਨ ਦੇਣ।
ਉਧਰ, ਮਾਲਵਾ ਖੇਤਰ ਵਿੱਚ ਮੀਂਹ ਦਾ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਖੇਤਾਂ ਦੇ ਦੌਰੇ ਤੋਂ ਬਾਅਦ ਪੰਜਾਬ ਸਰਕਾਰ ਦੇ ਧਿਆਨ ਵਿੱਚ ਇਸ ਹਮਲੇ ਨੂੰ ਲਿਆਉਂਦਿਆਂ ਸੁਚੇਤ ਕੀਤਾ ਹੈ ਕਿ ਪਿਛਲੇ ਸਾਲ ਵਾਂਗ ਅਵੇਸਲਾਪਣ ਨਾਲ ਮਾਲਵਾ ਪੱਟੀ ਦੀ ਆਰਥਿਕਤਾ ਨੂੰ ਇਹ ਸੁੰਡੀ ਤਹਿਸ਼-ਨਹਿਸ਼ ਨਾ ਕਰ ਦੇਵੇ। ਉਨ੍ਹਾਂ ਦੱਸਿਆ ਕਿ ਪਿੰਡ ਰਮਦਿੱਤੇਵਾਲਾ ਦੇ ਕਿਸਾਨ ਵੱਲੋਂ 20 ਅਪਰੈਲ ਨੂੰ ਬੀਜੇ ਹੋਏ ਨਰਮੇ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਗਿਆ ਹੈ।
ਐਡਵੋਕੇਟ ਮਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਸੁੰਡੀ ਦੇ ਹਮਲੇ ਬਾਰੇ ਖੇਤੀਬਾੜੀ ਮਾਹਿਰਾਂ ਤੋਂ ਅਧਿਐਨ ਕਰਵਾ ਕੇ ਕਿਸਾਨਾਂ ਨੂੰ ਜ਼ਰੂਰੀ ਹਦਾਇਤਾਂ ਅਤੇ ਦਵਾਈਆਂ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੂੰ ਲਗਦਾ ਹੈ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਦਾ ਕੋਈ ਹੱਲ ਨਹੀਂ ਹੈ ਤਾਂ ਕਿਸਾਨਾਂ ਨੂੰ ਹੋਰ ਕੋਈ ਫ਼ਸਲਾਂ ਬੀਜਣ ਦੀ ਹੁਣੇ ਹੀ ਸਲਾਹ ਦਿੱਤੀ ਜਾਵੇ।