ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਕਤੂਬਰ
ਭਾਵੇਂ ਟਰਾਂਸਪੋਰਟ ਮੰਤਰੀ ਰਾਜ ਦੇ ਛੋਟੇ ਬੱਸ ਮਾਲਕਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਦੀ ਹਰ ਤਰ੍ਹਾਂ ਦਾ ਸਰਕਾਰ ਵੱਲੋਂ ਸਾਥ ਦੇਣ ਸਬੰਧੀ ਦਾਅਵਾ ਕਰ ਰਹੇ ਹਨ, ਪਰ ਦਿਨੋ-ਦਿਨ ਵੱਧ ਰਹੇ ਡੀਜ਼ਲ ਦੇ ਰੇਟਾਂ ਦਾ ਸਭ ਤੋਂ ਵੱਧ ਖਮਿਆਜ਼ਾ ਹੁਣ ਛੋਟੀਆਂ ਪ੍ਰਾਈਵੇਟ ਕੰਪਨੀਆਂ ਤੇ ਮਿੰਨੀ ਬੱਸਾਂ ਵਾਲਿਆਂ ਨੂੰ ਝੱਲਣਾ ਪੈ ਰਿਹਾ ਹੈ। ਪੰਜਾਬ ਵਿੱਚ ਸਵਾਰੀਆਂ ਦੀ ਗਿਣਤੀ ਘਟਣ ਕਾਰਨ ਵੈਸੇ ਤਾਂ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਤੇ ਪੰਜਾਬ ਰੋਡਵੇਜ਼ ਦਾ ਵੀ ਮਾੜਾ ਹਾਲ ਹੈ, ਪਰ ਪੰਜਾਬ ਸਰਕਾਰ ਵੱਲੋਂ ਔਰਤਾਂ ਦਾ ਕਿਰਾਇਆ ਮੁਫ਼ਤ ਹੋਣ ਕਾਰਨ ਪ੍ਰਾਈਵੇਟ ਬੱਸਾਂ ਘਾਟੇ ਦਾ ਸ਼ਿਕਾਰ ਹੋਣ ਲੱਗੀਆਂ ਹਨ। ਡੀਜ਼ਲ ਦੇ ਵਧੇ ਰੇਟਾਂ ਕਾਰਨ ਅਨੇਕਾਂ ਪ੍ਰਾਈਵੇਟ ਛੋਟੇ ਬੱਸ ਮਾਲਕਾਂ ਨੇ ਆਪਣੀਆਂ ਬੱਸਾਂ ਖਿਲਾਰ ਦਿੱਤੀਆਂ ਹਨ।
ਪ੍ਰਾਈਵੇਟ ਬੱਸਾਂ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਘਾਟੇ ਦੀ ਮਾਰ ਹੇਠ ਹਨ, ਜਦੋਂਕਿ ਹੁਣ ਡੀਜ਼ਲ ਦੀਆਂ ਦਿਨੋਂ-ਦਿਨ ਵਧ ਰਹੀਆਂ ਕੀਮਤਾਂ ਕਾਰਨ ਕਈ ਰੂਟਾਂ ’ਤੇ ਬੱਸਾਂ ਵਾਲਿਆਂ ਵੱਲੋਂ ਸੇਵਾ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਮਾਲਵਾ ਪੱਟੀ ਵਿੱਚ ਅਨੇਕਾਂ ਵੱਡੀਆਂ ਬੱਸ ਕੰਪਨੀਆਂ ਹਨ, ਜਿੰਨ੍ਹਾਂ ਵੱਲੋਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਬੱਸਾਂ ਨੂੰ ਚਲਾਇਆ ਜਾਂਦਾ ਹੈ। ਪਿਛਲੇ 50 ਸਾਲਾਂ ਤੋਂ ਟਰਾਂਸਪੋਰਟ ਨਾਲ ਜੁੜੇ ਪੀੜ੍ਹੀ ਦਰ ਪੀੜ੍ਹੀ ਪਰਿਵਾਰਾਂ ਨੇ ਪਹਿਲਾਂ ਹੀ ਸਰਕਾਰੀ ਨੀਤੀਆਂ ਦਾ ਸ਼ਿਕਾਰ ਹੋ ਕੇ ਬੱਸ ਚਲਾਉਣ ਤੋਂ ਤੌਬਾ ਕੀਤੀ ਹੋਈ ਹੈ, ਪਰ ਡੀਜ਼ਲ ਦੇ ਵਧੇ ਭਾਅ ਨੇ ਬੱਸਾਂ ਵਾਲਿਆਂ ਦਾ ਧੂੰਆ ਕੱਢ ਦਿੱਤਾ ਹੈ।
ਉਧਰ, ਮਾਨਸਾ ਦੇ ਪ੍ਰਾਈਵੇਟ ਬੱਸ ਅਪਰੇਟਰਾਂ ਤੇਜਾ ਸਿੰਘ ਪੱਖੋ, ਅਮਰਜੀਤ ਸਿੰਘ, ਅਜੀਤਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਹਰ ਰੋਜ਼ ਘਾਟਾ ਪੈਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਬੱਸਾਂ ਨੂੰ ਬੰਦ ਕੀਤੇ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਵੇਗਾ।
ਮਾਲਵਾ ਬੱਸ ਅਪਰੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਤੇਜ ਸਿੰਘ ਬਾਦਰ ਦਾ ਕਹਿਣਾ ਹੈ ਕਿ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਬੱਸਾਂ ਲਈ ਲੋੜੀਂਦੇ ਸਾਜੋ-ਸਾਮਾਨ, ਟਾਇਰ, ਬਾਡੀ ਵਿੱਚ ਭਾਰੀ ਮਹਿੰਗਾਈ ਹੋਣ ਕਾਰਨ ਹੁਣ ਇਹ ਧੰਦਾ ਚੌਪਟ ਹੋ ਗਿਆ ਹੈ ਤੇ ਛੋਟੀਆਂ ਪ੍ਰਾਈਵੇਟ ਕੰਪਨੀਆਂ ਕੋਲ ਵੱਡੇ ਘਰਾਂ ਦੇ ਮੁਕਾਬਲੇ ਟਾਈਮ ਟੇਬਲ (ਸਮਾਂ ਸਾਰਣੀ) ਵਿੱਚ ਪੂਰਾ ਸਮਾਂ ਨਾ ਮਿਲਣ ਕਾਰਨ ਸਵਾਰੀਆਂ ਦੀ ਗਿਣਤੀ ਘਟ ਜਾਂਦੀ ਹੈ, ਜਿਸ ਕਾਰਨ ਮਹਿੰਗੇ ਡੀਜ਼ਲ ਨਾਲ, ਥੋੜੀਆਂ ਸਵਾਰੀਆਂ ਲਿਜਾ ਕੇ ਪੂਰਾ ਨਹੀਂ ਪੈਂਦਾ ਹੈ। ਉਨ੍ਹਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੋਂ ਮੰਗ ਕੀਤੀ ਕਿ ਟਰਾਂਸਪੋਰਟ ਇੰਡਸਟਰੀ ਨੂੰ ਬਚਾਉਣ ਲਈ ਰਾਜ ਦੇ ਛੋਟੇ ਟਰਾਂਸਪੋਰਟਾਂ ਦੀ ਬਾਂਹ ਫੜ੍ਹੀ ਜਾਵੇ।
ਕੈਪਸ਼ਨ: ਸਵਾਰੀਆਂ ਦੀ ਗਿਣਤੀ ਘੱਟਣ ਕਰਕੇ ਵਿਹਲੀਆਂ ਖੜ੍ਹੀਆਂ ਮਾਨਸਾ ਵਿੱਚ ਪ੍ਰਾਈਵੇਟ ਬੱਸਾਂ।