ਪ੍ਰਭੂ ਦਿਆਲ
ਸਿਰਸਾ, 29 ਅਪਰੈਲ
ਕਰੋਨਾ ਦੇ ਵੱਧ ਰਹੇ ਕੇਸਾਂ ਤੇ ਤਾਲਾਬੰਦੀ ਲਾਏ ਜਾਣ ਦੇ ਡਰੋਂ ਪਰਵਾਸੀ ਮਜ਼ਦੂਰਾਂ ਦਾ ਆਪਣੇ ਜੱਦੀ ਸੂਬਿਆਂ ਵੱਲ ਜਾਣ ਦਾ ਸਿਲਸਿਲਾ ਜਾਰੀ ਹੈ। ਸਿਰਸਾ ਤੋਂ ਆਪਣੇ ਜੱਦੀ ਸੂਬਿਆਂ ਵੱਲ ਜਾਣ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਉਨ੍ਹਾਂ ਦਾ ਕੰਮ-ਧੰਦਾ ਬੰਦ ਹੋ ਗਿਆ ਹੈ। ਕੰਮ ਨਾ ਮਿਲਣ ਕਾਰਨ ਜਿਹੜੇ ਪੈਸੇ ਪਹਿਲਾਂ ਕਮਾਏ ਸਨ, ਉਹ ਵੀ ਖ਼ਰਚ ਹੋ ਰਹੇ ਹਨ। ਕਿਰਾਏ ’ਤੇ ਲਏ ਗਏ ਮਕਾਨ ਮਾਲਕਾਂ ਵੱਲੋਂ ਖਾਲੀ ਕਰਵਾਏ ਜਾ ਰਹੇ ਹਨ। ਆਪਣੇ ਪਿੱਤਰੀ ਘਰਾਂ ਨੂੰ ਜਾਣ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਸ ਨਹੀਂ ਮਿਲੀ ਜਿਸ ਕਰਕੇ ਉਹ ਕੁਝ ਦੂਰੀ ਪੈਦਲ ਦਿੱਲੀ ਪੁਲ ’ਤੇ ਪਹੁੰਚੇ ਤੇ ਇੱਥੋਂ ਇੱਕ ਟਰੱਕ, ਜਿਸ ਵਿੱਚ ਉੱਤਰ ਪ੍ਰਦੇਸ਼ ਦਾ ਸਾਮਾਨ ਲੱਦਿਆ ਹੋਇਆ ਸੀ, ਉਸ ’ਤੇ ਚੜ੍ਹ ਕੇ ਆਪਣੇ ਘਰ ਜਾ ਰਹੇ ਹਨ। ਮਜ਼ਦੂਰਾਂ ਨੇ ਦੱਸਿਆ ਕਿ ਵਾਹਨ ਚਾਲਕਾਂ ਵੱਲੋਂ ਉਨ੍ਹਾਂ ਤੋਂ ਵੱਧ ਕਿਰਾਇਆ ਵਸੂਲਿਆ ਜਾ ਰਿਹਾ ਹੈ ਪਰ ਘਰ ਜਾਣਾ ਉਨ੍ਹਾਂ ਦੀ ਮਜਬੂਰੀ ਹੈ। ਉਧਰ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਰਵਾਸ ਨਾ ਕਰਨ ਦੀ ਅਪੀਲ ਕੀਤੀ ਹੈ ਤੇ ਉਨ੍ਹਾਂ ਦੇ ਇੱਥੇ ਰਹਿਣ ਲਈ ਖਾਣ-ਪੀਣ ਦਾ ਇੰਤਜਾਮ ਕਰਨ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਕੋਈ ਵਾਹਨ ਚਾਲਕ ਮਜ਼ਦੂਰਾਂ ਤੋਂ ਜ਼ਿਆਦਾ ਕਿਰਾਇਆ ਵਸੂਲਦਾ ਮਿਲਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਵਾਹਨ ਚਾਲਕ ਦਾ ਪਰਮਿਟ ਤੱਕ ਰੱਦ ਕੀਤਾ ਜਾ ਸਕਦਾ ਹੈ।